rule changes Unlock 1: 1 ਜੂਨ ਤੋਂ ਸ਼ੁਰੂ ਹੋਏ ਪੰਜਵੇਂ ਪੜਾਅ ਦੇ ਲਾਕਡਾਊਨ ਵਿਚਕਾਰ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਜੋ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਹਨ ਵੀ ਲਾਗੂ ਹੋ ਗਏ ਹਨ । ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਯੋਜਨਾ ਨਾਲ ਜਿੱਥੇ ਗਰੀਬਾਂ ਲਈ ਕਿਸੇ ਵੀ ਰਾਜ ਤੋਂ ਸਸਤੀਆਂ ਦਰਾਂ ‘ਤੇ ਰਾਸ਼ਨ ਖਰੀਦਣਾ ਸੰਭਵ ਹੋ ਗਿਆ ਹੈ । ਉੱਥੇ ਹੀ 200 ਟ੍ਰੇਨਾਂ ਤੇ ਗੋਏਅਰ ਦੀਆਂ ਘਰੇਲੂ ਉਡਾਣਾਂ ਦੇ ਮੁੜ ਚਾਲੂ ਹੋਣ ਨਾਲ ਲੋਕਾਂ ਦੇ ਚਿਹਰੇ ਖਿੜ ਗਏ ।
ਅੱਜ ਤੋਂ ਚੱਲਣ ਲੱਗੀਆਂ 230 ਰੇਲ ਗੱਡੀਆਂ
ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਰੇਲ ਸੇਵਾ ਸ਼ੁਰੂ ਹੋਈ ਹੈ । ਜਿਸ ਵਿੱਚ ਭਾਰਤੀ ਰੇਲਵੇ ਵੱਲੋਂ 1 ਜੂਨ ਤੋਂ 200 ਵੱਧ ਟ੍ਰੇਨਾਂ ਚਲਾਈਆਂ ਗਈਆਂ ਜਿਹੜੀਆਂ ਕਿ ਨਾਨ ਏ.ਸੀ. ਹੋਣਗੀਆਂ । ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਇਨ੍ਹਾਂ ਟ੍ਰੇਨਾਂ ਦੇ ਨਾਲ ਪਹਿਲਾਂ ਤੋਂ ਚਲ ਰਹੀਆਂ 30 ਟ੍ਰੇਨਾਂ ਵੀ ਚਲਣਗੀਆਂ । ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੇਲਵੇ ਨੇ ਇਨ੍ਹਾਂ ਰੇਲ ਗੱਡੀਆਂ ਲਈ ਚਾਰ ਮਹੀਨੇ ਪਹਿਲਾਂ ਅਗਾਊਂ ਟਿਕਟਾਂ ਦੀ ਬੁਕਿੰਗ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ । ਇਸ ਦੇ ਨਾਲ ਹੀ, ਤਤਕਾਲ ਕੋਟੇ ਤਹਿਤ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ ।
ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ
ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨ੍ਹਾਂ ਸਬਸਿਡੀ ਵਾਲੇ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ 14.2 ਕਿਲੋ ਗੈਰ ਸਬਸਿਡੀ ਵਾਲਾ LPG ਸਿਲੰਡਰ ਦੀ ਕੀਮਤ 11.50 ਰੁਪਏ ਪ੍ਰਤੀ ਸਿਲੰਡਰ ਮਹਿੰਗੀ ਹੋ ਗਈ ਹੈ। ਹੁਣ ਅੱਜ ਯਾਨੀ 1 ਜੂਨ ਤੋਂ ਇਹ 593 ਰੁਪਏ ਵਿੱਚ ਉਪਲਬਧ ਹੋਵੇਗਾ, ਜਦੋਂ ਕਿ ਇੱਕ 19 ਕਿਲੋ ਦਾ ਸਿਲੰਡਰ 110 ਰੁਪਏ ਦਾ ਹੋਵੇਗਾ ਅਤੇ ਤੁਹਾਡੇ ਤੱਕ 1139.50 ਰੁਪਏ ਵਿੱਚ ਪਹੁੰਚੇਗਾ ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ
ਮਹਾਰਾਸ਼ਟਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਅੱਜ ਤੋਂ ਵੱਧ ਗਈ ਹੈ । 1 ਜੂਨ ਤੋਂ ਰਾਜ ਵਿੱਚ ਦੋ ਰੁਪਏ ਦਾ ਵਾਧਾ ਹੋ ਰਿਹਾ ਹੈ । ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 2 ਰੁਪਏ ਵਧ ਕੇ 78.31 ਰੁਪਏ ਹੋ ਗਈ, ਜੋ 76.31 ਰੁਪਏ ਸੀ। ਇਸ ਦੇ ਨਾਲ ਹੀ ਡੀਜ਼ਲ ਦੋ ਰੁਪਏ 66.21 ਰੁਪਏ ਤੋਂ ਵਧਾ ਕੇ 68.21 ਰੁਪਏ ਕਰ ਦਿੱਤਾ ਗਿਆ ਹੈ । ਸ਼ਨੀਵਾਰ ਨੂੰ ਸਰਕਾਰ ਨੇ ਪੈਟਰੋਲ ‘ਤੇ ਸੈੱਸ 8.12 ਰੁਪਏ ਤੋਂ ਵਧਾ ਕੇ 10.12 ਰੁਪਏ ਪ੍ਰਤੀ ਲੀਟਰ ਕਰ ਦਿੱਤਾ, ਜਦਕਿ ਡੀਜ਼ਲ ‘ਤੇ ਸੈੱਸ ਦੀ ਕੀਮਤ ਇੱਕ ਰੁਪਏ ਤੋਂ ਵਧਾ ਕੇ ਤਿੰਨ ਰੁਪਏ ਕਰ ਦਿੱਤੀ ਗਈ । ਇਸ ਤੋਂ ਇਲਾਵਾ ਜੰਮੂ ਕਸ਼ਮੀਰ ਸਰਕਾਰ ਨੇ ਵੀ ਪੈਟਰੋਲ ਦੀ ਕੀਮਤ ਵਿੱਚ ਦੋ ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ ਇੱਕ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ।
‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਦੀ ਸ਼ੁਰੂਆਤ
ਦੇਸ਼ ਦੇ ਗਰੀਬਾਂ ਨੂੰ ਰਾਹਤ ਦੇਣ ਕਰਨ ਲਈ ਵਨ ਨੇਸ਼ਨ ਵਨ ਰਾਸ਼ਨ ਕਾਰਡ ਅੱਜ ਤੋਂ ਲਾਗੂ ਕੀਤਾ ਜਾ ਰਿਹਾ ਹੈ । ਇਹ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸ਼ੁਰੂ ਹੋਵੇਗਾ। ਇਸਦੇ ਤਹਿਤ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਰਾਸ਼ਨ ਕਾਰਡ ਧਾਰਕ ਰਾਸ਼ਨ ਲੈਣ ਦੀ ਸਹੂਲਤ ਪ੍ਰਾਪਤ ਕਰ ਸਕਦਾ ਹੈ । ਸਰਕਾਰ ਦੀ ਇਸ ਯੋਜਨਾ ਦਾ 67 ਕਰੋੜ ਲੋਕਾਂ ਨੂੰ ਲਾਭ ਹੋਵੇਗਾ । ਵਰਤਮਾਨ ਸਮੇਂ ਵਿੱਚ, ਤੁਸੀਂ ਸਿਰਫ ਉਸੇ ਜ਼ਿਲ੍ਹੇ ਵਿਚੋਂ ਹੀ ਰਾਸ਼ਨ ਲੈ ਸਕਦੇ ਹੋ ਜਿਸ ਸੂਬੇ ਵਿਛ ਰਾਸ਼ਨ ਕਾਰਡ ਬਣਾਇਆ ਗਿਆ ਹੈ । ਜੇ ਤੁਸੀਂ ਜ਼ਿਲ੍ਹਾ ਬਦਲ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਨਹੀਂ ਮਿਲੇਗਾ।
GoAir ਦੀ ਘਰੇਲੂ ਉਡਾਣ ਸੇਵਾ ਬਹਾਲ
ਸਸਤੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਗੋ ਏਅਰ 1 ਜੂਨ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਕਰੇਗੀ । ਹੋਰ ਕੰਪਨੀਆਂ 25 ਮਈ ਤੋਂ ਇਸ ਦੀ ਸ਼ੁਰੂਆਤ ਕਰ ਚੁੱਕੀਆਂ ਹਨ । ਰੇਗੂਲੇਟਰੀ ਨਾਲ ਜੁੜੀਆਂ ਕੁਝ ਦਿੱਕਤਾਂ ਨੂੰ ਲੈ ਕੇ ਗੋ ਏਅਰ ਨੂੰ ਸੇਵਾਵਾਂ ਸ਼ੁਰੂ ਕਰਨ ਵਿੱਚ ਕੁਝ ਸਮਾਂ ਲੱਗ ਗਿਆ । ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ ਤੇ ਕਿਹਾ ਸੀ ਕਿ ਸਾਰੇ ਹਿੱਸੇਦਾਰਾਂ ਲਈ ਵਿਆਪਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ ਓ ਪੀ) ਦੇ ਤਹਿਤ ਏਅਰਲਾਈਨਾਂ ਨੂੰ 25 ਮਈ ਤੋਂ ਘਰੇਲੂ ਸੰਚਾਲਨ ਦੀ ਆਗਿਆ ਦਿੱਤੀ ਗਈ ਹੈ।
30 ਸਤੰਬਰ ਤੱਕ ਆਧਾਰ ਨਾਲ ਕਰਨਾ ਪਏਗਾ ਲਿੰਕ
ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖ਼ਰੀ ਤਰੀਕ 30 ਸਤੰਬਰ ਹੈ । ਇਸ ਸਬੰਧੀ ਕੇਂਦਰੀ ਖੁਰਾਕ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਆਧਾਰ ਨਾਲ ਜੁੜੇ ਨਾ ਹੋਣ ਦੇ ਬਾਵਜੂਦ ਰਾਸ਼ਨ ਮਿਲਦਾ ਰਹੇਗਾ । ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਲਾਭਪਾਤਰੀ ਨੂੰ ਉਨ੍ਹਾਂ ਦੇ ਹਿੱਸੇ ਦੇ ਰਾਸ਼ਨ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ।