ਮਹਿਤਪੁਰ : ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆ ਰਹੇ ਹਨ। ਨਾਲ ਹੀ ਮਰਨ ਵਾਲਿਆਂ ਦਾ ਅੰਕੜਾ ਵੀ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਵਾਇਰਸ ਨੇ ਜਿਥੇ ਆਮ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ, ਉਥੇ ਰਾਜਨੀਤਕ ਲੀਡਰ ਵੀ ਇਸ ਤੋਂ ਆਪਣੇ ਆਪ ਨੂੰ ਬਚਾ ਨਹੀਂ ਪਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਮੋਮੀ ਦੀ ਅੱਜ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਇਲਾਜ ਲਈ ਜੌਹਲ ਹਸਪਤਾਲ ਵਿੱਚ ਭਰਤੀ ਸਨ ਤੇ ਅੱਜ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੌਤ ਨਾਲ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਅੱਜ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਦੇ 60 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਇੰਨੀ ਵੱਡੀ ਗਿਣਤੀ ਵਿੱਚ ਕੋਰੋਨਾ ਕੇਸ ਆਉਣ ਨਾਲ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਵੱਡੀ ਗਿਣਤੀ ਵਿੱਚ ਵਿਧਾਇਕ ਵੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ।
ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਕੱਲ ਕੋਰੋਨਾਵਾਇਰਸ ਦੇ 1522 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 55508 ਹੋ ਗਈ ਹੈ। ਕਲ ਕੋਰੋਨਾਵਾਇਰਸ ਨਾਲ 59 ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1512 ਹੋ ਗਈ ਹੈ। ਮੰਗਲਵਾਰ ਨੂੰ 1522 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 216 ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਹਨ।ਇਸ ਤੋਂ ਇਲਾਵਾ 211 ਮਰੀਜ਼ ਮੁਹਾਲੀ, 111 ਅੰਮ੍ਰਿਤਸਰ, 120 ਪਟਿਆਲਾ ਅਤੇ 158 ਮਰੀਜ਼ ਜਲੰਧਰ ਤੋਂ ਸਾਹਮਣੇ ਆਏ।ਅੱਜ ਕੁੱਲ੍ਹ 1120 ਮਰੀਜ਼ ਸਿਹਤਯਾਬ ਹੋਏ ਹਨ। ਕੱਲ ਸਭ ਤੋਂ ਵੱਧ 13 ਮੌਤਾਂ ਲੁਧਿਆਣਾ ‘ਚ ਹੋਈਆਂ ਹਨ।ਇਸ ਤੋਂ ਇਲਾਵਾ ਅੰਮ੍ਰਿਤਸਰ 7, ਬਰਨਾਲਾ 2, ਬਠਿੰਡਾ 3, ਫਰੀਦਕੋਟ 2, ਫਤਿਹਗੜ੍ਹ ਸਾਹਿਬ 4, ਫਾਜ਼ਿਲਕਾ 1, ਫਿਰੋਜ਼ਪੁਰ 5, ਗੁਰਦਾਸਪੁਰ 1, ਹੁਸ਼ਿਆਰਪੁਰ 1, ਜਲੰਧਰ 8, ਕਪੂਰਥਾਲਾ 4, ਮੋਗਾ 1, ਪਠਾਨਕੋਟ 1, ਪਟਿਆਲਾ 5 ਅਤੇ ਤਰਨਤਾਰਨ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ।