Sahibzada Baba Fateh Singh : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰ ਤੇ ਮਾਤਾ ਜੀਤੋ ਦੇ ਜਾਏ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਵਿੱਚ ਬਚਪਨ ਤੋਂ ਹੀ ਸਿਆਣਪਤਾ ਨਜ਼ਰ ਆਉਣ ਲੱਗ ਪਈ ਸੀ। ਉਨ੍ਹਾਂ ਨੂੰ ਹਮੇਸ਼ਾ ਵੱਡੇ ਭਰਾਵਾਂ ਨਾਲ ਯੁੱਧ ਅਭਿਆਸ ਕਰਨ ਦੀ ਚੇਟਕ ਲੱਗੀ ਰਹਿੰਦੀ ਸੀ। ਵੈਸੇ ਤਾਂ ਗੁਰੂ ਸਾਹਿਬ ਦੇ ਚਾਰੋਂ ਪੁੱਤਰ ਬਹੁਤ ਲਾਡਲੇ ਸਨ। ਜਿੰਨ੍ਹਾਂ ‘ਚੋਂ ਫ਼ਤਹਿ ਸਿੰਘ ਤਿੰਨੋਂ ਭਰਾ ਅਤੇ ਮਾਂ ਗੁਜਰੀ ਦੇ ਖਾਸ ਕਰ ਲਾਡਲੇ ਸਨ। ਇਤਿਹਾਸ ਗਵਾਹ ਹੈ ਕਿ 7 ਸਾਲ ਦੀ ਉਮਰ ਵਿੱਚ ਬਿਨਾਂ ਡਰੇ ਪੂਰੇ ਮਾਣ ਨਾਲ ਧਰਮ ਤੇ ਕੌਮ ਲਈ ਸ਼ਹਾਦਤ ਦੇਣ ਵਾਲਾ ਬਾਬਾ ਫਤਹਿ ਸਿੰਘ ਤੋਂ ਬਗੈਰ ਕੋਈ ਬਹਾਦਰ ਪੈਦਾ ਨਹੀਂ ਹੋਇਆ। ਸਾਹਿਬਜ਼ਾਦਾ ਫਤਹਿ ਸਿੰਘ ਮਾਤਾ ਗੁਜਰੀ ਜੀ ਦੇ ਬਹੁਤ ਹੀ ਲਾਡਲੇ ਪੋਤਰੇ ਸਨ। ਇਸੇ ਕਰਕੇ ਦੋਵੇਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਅਨੰਦਪੁਰ ਦੇ ਕਿਲ੍ਹੇ ਵਿੱਚੋਂ ਇਕੱਠੇ ਨਿਕਲੇ ਸਨ। ਅਨੰਦਪੁਰ ਦੇ ਕਿਲ੍ਹੇ ਨੂੰ ਚਾਰੋਂ ਤਰਫੋਂ ਘੇਰਾ ਪੈ ਚੁੱਕਾ ਸੀ।
ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਆਪਣੇ ਪੂਰੇ ਪਰਿਵਾਰ ਅਤੇ ਸਿੰਘਾਂ ਨਾਲ ਕਿਲ੍ਹਾ ਛੱਡ ਕੇ ਨਿਕਲੇ ਤਾਂ ਰਸਤੇ ਵਿੱਚ ਸਰਸਾ ਨਦੀ ਦੇ ਕੰਢੇ ਗੁਰੂ ਸਾਹਿਬ ਆਪਣੇ ਪਰਿਵਾਰ ਨਾਲੋਂ ਵਿਛੜ ਗਏ। ਸਰਸਾ ਨਦੀ ਦੇ ਕੰਢੇ ਉਨ੍ਹਾਂ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ। ਗੁਰੂ ਸਾਹਿਬ ਅਤੇ ਦੋ ਵੱਡੇ ਸਾਹਿਬਜ਼ਾਦੇ ਅਤੇ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਨਿੱਖੜ ਗਏ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਮਾਤਾ ਗੁਜਰੀ ਜੀ ਨਾਲ ਸਨ, ਉਹਨਾਂ ਨੂੰ ਆਪਣਾ ਪੁਰਾਣਾ ਰਸੋਇਆ ਗੰਗੂ ਮਿਲਿਆ ਜਿਸ ਨੇ ਸਰਹੰਦ ਦੇ ਸੂਬੇ ਪਾਸੋਂ ਇਨਾਮ ਅਤੇ ਸ਼ੌਹਰਤ ਲੈਣ ਲਈ ਮਾਤਾ ਗੁਜਰੀ ਜੀ ਨਾਲ ਧੋਖਾ ਕਰਕੇ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨਾਲ ਵਜ਼ੀਰ ਖਾਂ ਦੇ ਸੈਨਿਕਾਂ ਦੇ ਹਵਾਲੇ ਕਰ ਦਿੱਤਾ।
ਦੂਜੇ ਦਿਨ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਸ ਮਾਤਾ ਜੀ ਤੇ ਉਨ੍ਹਾਂ ਦੇ ਦੋਵੇਂ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ ਅਤੇ ਤਿੰਨਾਂ ਨੂੰ ਸਰਹੰਦ ਦੇ ਇਕ ਠੰਡੇ ਬੁਰਜ ‘ਚ ਕੈਦ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਸਾਰੀ ਰਾਤ ਭੁੱਖੇ-ਤਿਹਾਏ ਰੱਖਿਆ ਗਿਆ। ਵਜ਼ੀਰ ਖਾਂ ਨੇ ਬੱਚਿਆਂ ਨੂੰ ਬਹੁਤ ਲਾਲਚ ਦਿੱਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਆਪਣੇ ਵੱਡੇ ਵੀਰ ਜ਼ੋਰਾਵਰ ਸਿੰਘ ਦੇ ਨਾਲ ਸੂਬਾ ਸਰਹਿੰਦ ਦਿ ਕਚਹਿਰੀ ‘ਚ ਬਿਨਾ ਕਿਸੇ ਖੌਫ਼ ਦੇ ਅੜੇ ਰਹੇ। ਇਸ ਗੱਲ ਦੀ ਮਿਸਾਲ ਉਹ ਸਮਾਂ ਦਿੰਦਾ ਹੈ ਜਦੋਂ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਛੋਟਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਦਰਬਾਰ ‘ਚ ਲਿਆਂਦਾ ਜਾ ਰਿਹਾ ਸੀ। ਉਸ ਵਕਤ ਵਜ਼ੀਰ ਖਾਨ ਦੇ ਸਿਪਾਹੀਆਂ ਨੇ ਦਰਬਾਰ ਦਾ ਵੱਡਾ ਗੇਟ ਬੰਦ ਕਰ ਦਿੱਤਾ ਸੀ ਅਤੇ ਛੋਟਾ ਗੇਟ ਅੰਦਰ ਆਉਣ ਲਈ ਖੋਲ੍ਹ ਦਿੱਤਾ ਸੀ।ਇਸ ਦੇ ਪਿੱਛੇ ਵਜ਼ੀਰ ਖਾਨ ਦਾ ਇਹ ਮਕਸਦ ਸੀ ਕਿ ਜਦੋਂ ਦੋਵੇਂ ਸਾਹਿਬਜ਼ਾਦੇ ਅੰਦਰ ਆਉਣ ਤਾਂ ਆਪਣਾ ਸਿਰ ਝੁਕਾ ਕੇ ਅੰਦਰ ਆਉਣ ਪਰ ਸਾਹਿਬਜ਼ਾਦਿਆਂ ਦੀ ਸੂਝ-ਬੂਝ ਨੇ ਵਜ਼ੀਰ ਖਾਂ ਦੀ ਇਸ ਯੋਜਨਾ ‘ਤੇ ਪਾਣੀ ਫੇਰ ਦਿੱਤਾ।ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਜਿਸ ਸਮੇਂ ਉਸ ਗੇਟ ‘ਚੋਂ ਲੰਘਣਾ ਸੀ, ਆਪਣਾ ਪੈਰ ਗੇਟ ਅੰਦਰ ਰੱਖਿਆ ਤੇ ਬਿਨਾਂ ਸੀਸ ਝੁਕਾਏ ਅੰਦਰ ਪਰਵੇਸ਼ ਕੀਤਾ। ਮੁਗ਼ਲ ਸਿਪਾਹੀ ਸਾਹਿਬਜ਼ਾਦਿਆਂ ਦੀ ਨਿਡਰਤਾ ਤੇ ਸੂਝ-ਬੂਝ ਤੇ ਹੈਰਾਨ ਹੋ ਗਏ।
ਅਖੀਰ ਛੋਟੇ ਸਾਹਿਬਜ਼ਾਦਿਆਂ ਨੂੰ ਜੀਉਂਦੇ ਜੀਅ ਨੀਹਾਂ ‘ਚ ਚਿਣਵਾ ਦਿੱਤੇ ਜਾਣ ਦਾ ਹੁਕਮ ਦਿੱਤਾ ਗਿਆ। ਬਾਬਾ ਫਤਹਿ ਸਿੰਘ ਆਪਣੇ ਵੱਡੇ ਭਰਾ ਨਾਲ ਸ਼ਹਾਦਤ ਲਈ ਪੂਰੀ ਤਰ੍ਹਾਂ ਤਿਆਰ ਸਨ। ਜੱਲਾਦ ਜਿਵੇਂ ਜਿਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦੇ ਗਏ, ਸਾਹਿਬਜ਼ਾਦੇ ਮੂਲ-ਮੰਤਰ ਦਾ ਜਾਪ ਕਰਦੇ ਰਹੇ। ਦੀਵਾਰ ਦੇ ਢਹਿ ਜਾਣ ‘ਤੇ ਉਨ੍ਹਾਂ ਦੇ ਸਿਰ ਤਲਵਾਰ ਨਾਲ ਧੱੜਾਂ ਤੋਂ ਜੁੱਦਾ ਕਰ ਦਿੱਤੇ ਗਏ। ਬਾਬਾ ਫ਼ਤਹਿ ਸਿੰਘ ਨੇ ਮਹਿਜ਼ ਸੱਤ ਸਾਲ ਦੀ ਉਮਰ ਵਿੱਚ ਸ਼ਹਾਦਤ ਪਾਈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰੀ ਜੀ ਅਕਾਲ ਪੁਰਖ ਦਾ ਭਾਣਾ ਮੰਨਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਨਿੱਕੀ ਉਮਰੇ ਅਜਿਹੀ ਹੱਸਦੇ-ਹੱਸਦੇ ਸ਼ਹਾਦਤ ਪਾਉਣ ਵਾਲੇ ਛੋਟੇ ਸਾਹਿਬਜ਼ਾਦਿਆਂ ਨੂੰ ਕੋਟਿਨ-ਕੋਟਿ ਪ੍ਰਣਾਮ!