Samyukta Kisan Morcha makes it clear : ਕਿਸਾਨ ਅੰਦੋਲਨ ਨੂੰ ਅੱਜ 108 ਦਿਨ ਹੋ ਗਏ ਹਨ ਪਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੇ ਆਪਣੇ ਫੈਸਲੇ ’ਤੇ ਅਜੇ ਵੀ ਅੜੀ ਹੋਈ ਹੈ। ਸੰਯੁਕਤ ਕਿਸਾਨ ਮੋਰਚਾ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 17 ਮਾਰਚ ਨੂੰ ਕਈ ਟਰੇਡ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ ਅਤੇ ਹੋਰ ਵੱਖ-ਵੱਖ ਵਰਗਾਂ ਨਾਲ ਜੁੜੀਆਂ ਜਥੇਬੰਦੀਆਂ ਨਾਲ ਇੱਕ ਸਾਂਝੀ ਕਨਵੈਨਸ਼ਨ ਆਯੋਜਿਤ ਕਰੇਗਾ। ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੀਆਂ ਜਥੇਬੰਦੀਆਂ ਨੂੰ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਅਜਿਹੀਆਂ ਮੀਟਿੰਗਾਂ ਹਰ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਬ-ਡਵੀਜ਼ਨ ਹੈੱਡਕੁਆਰਟਰਾਂ ‘ਤੇ ਵੀ ਕੀਤੀਆਂ ਜਾਣ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੁਆਰਾ ਇਹ ਦਲੀਲ ਦਿੱਤੀ ਗਈ ਹੈ ਕਿ ਸਰਕਾਰ ਵੱਲੋਂ ਐਮਐਸਪੀ ਦੀ ਘੋਸ਼ਣਾ ਨਾਲ ਉਤਪਾਦਨ ਦੀ ਸਾਰੀ ਲਾਗਤ ਪੂਰੀ ਹੁੰਦੀ ਹੈ, ਅਜਿਹੇ ਦਾਅਵੇ ਬੇਬੁਨਿਆਦ ਹਨ। ਨਾ ਹੀ ਸਾਰੀ ਲਾਗਤ ਪੂਰੀ ਹੁੰਦੀ ਹੈ ਅਤੇ ਨਾ ਹੀ ਪੂਰੇ ਦੇਸ਼ਦੇ ਕਿਸਾਨਾਂ ਨੂੰ ਅਸਲ ਵਿੱਚ ਐਮਐਸਪੀ ਮਿਲਦੀ। ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਾ ਹੈ ਅਤੇ ਇਕ ਵਾਰ ਫਿਰ ਤੋਂ ਮੰਗ ਕਰਦਾ ਹੈ ਕਿ ਡੀਜ਼ਲ /ਪੈਟਰੋਲ / ਗੈਸ ਦੀਆਂ ਕੀਮਤਾਂ ਤੁਰੰਤ ਘਟਾ ਦਿੱਤੀਆਂ ਜਾਣ ਅਤੇ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਵਜੋਂ ਗਰੰਟੀ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਇਹ ਸਪੱਸ਼ਟ ਕਰਦਾ ਹੈ ਕਿ ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਸਮੇਂ ਚੋਣਾਂ ਚੱਲ ਰਹੀਆਂ ਹਨ, ਉਥੇ 26 ਮਾਰਚ ਨੂੰ ਭਾਰਤ ਦਾ ਪੂਰਨ ਬੰਦ ਨਹੀਂ ਕੀਤਾ ਜਾਵੇਗਾ।
ਉਤਰਾਖੰਡ ਤੋਂ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਗੁਰੂਦੁਆਰਾ ਗੋਮਤੀ ਪੂਰਨਪੁਰ ਜ਼ਿਲ੍ਹਾ ਪੀਲੀਭੀਤ ਤੋਂ ਗੁਰਦੁਆਰਾ ਖੁੱਟਰ ਜ਼ਿਲ੍ਹਾ ਸ਼ਾਹਜਹਾਂਪੁਰ ਪਹੁੰਚੀ। ਹਜ਼ਾਰਾਂ ਲੋਕਾਂ ਨੇ ਕਸਬਿਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਮਾਰਚ ਦਾ ਭਰਪੂਰ ਉਤਸ਼ਾਹ ਨਾਲ ਸਵਾਗਤ ਕੀਤਾ। ਲੋਕਾਂ ਨੂੰ ਤਿੰਨ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਐਮਐਸਪੀ ਦੀ ਗਰੰਟੀ ਦੀ ਮੰਗ ਬਾਰੇ ਜਾਗਰੂਕ ਕੀਤਾ ਗਿਆ। ਗੰਜਾਮ(ਉੜੀਸਾ) ਵਿੱਚ ਕਿਸਾਨ ਅਧਿਕਾਰ ਯਾਤਰਾ ਦਾ ਸ਼ਾਨਦਾਰ ਸਵਾਗਤ ਹੋਇਆ। ਸੰਯੁਕਤ ਕਿਸਾਨ ਮੋਰਚਾ ਨੇ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਤਿੰਨ ਕਾਨੂੰਨਾਂ ਅਤੇ ਐਮਐਸਪੀ ਦੀ ਗਾਰੰਟੀ ਦੀ ਮੰਗ ਦੇ ਨਾਲ ਨਾਲ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦਾ ਮੁੱਦਾ ਵੀ ਉਠਾਇਆ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ 15 ਮਾਰਚ ਨੂੰ ਦੇਸ਼ ਭਰ ‘ਚ ਟਰੇਡ-ਯੂਨੀਅਨਾਂ ਨਾਲ ਇੱਕਜੁੱਟਤਾ ਪ੍ਰਗਟਾਉਂਦਿਆਂ ਨਿਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਵੇਗਾ। ਰੇਲਵੇ ਸਟੇਸ਼ਨਾਂ ‘ਤੇ ਟਰੇਡ-ਯੂਨੀਅਨਾਂ ਦੀ ਹਮਾਇਤ ਦੇ ਨਾਲ-ਨਾਲ ਐਸਡੀਐਮ ਅਤੇ ਜ਼ਿਲ੍ਹਾ ਪੱਧਰਾਂ ‘ਤੇ ਧਰਨਾ ਦਿੱਤਾ ਜਾਵੇਗਾ, ਜਿੱਥੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ ਜਾਵੇਗਾ। ਤਾਮਿਲਨਾਡੂ ਦੇ ਕੰਨਿਆਕੁਮਾਰੀ ਵਿਚ ਸ਼ੁਰੂ ਹੋਈ ਸਾਈਕਲ ਯਾਤਰਾ ਨੂੰ ਤਾਮਿਲਨਾਡੂ ਪੁਲਿਸ ਨੇ ਗੈਰਕਾਨੂੰਨੀ ਅਤੇ ਇਤਰਾਜ਼ਯੋਗ ਢੰਗ ਨਾਲ ਕੇਰਲਾ ਭੇਜ ਦਿੱਤਾ ਸੀ। 12 ਸਾਈਕਲ ਸਵਾਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਲਈ ਮੁੜ ਯੋਜਨਾ ਬਣਾ ਰਹੇ ਹਨ ਅਤੇ ਜਲਦੀ ਹੀ ਵਾਪਸ ਸੜਕਾਂ ਤੇ ਆ ਜਾਣਗੇ। ਗੁਜਰਾਤ ਸੂਬੇ ਦੀ ਪੁਲਿਸ ਵੱਲੋਂ ਗਾਂਧੀ ਜੀ ਦੇ ਮਸ਼ਹੂਰ ਡਾਂਡੀ ਮਾਰਚ ਅਤੇ ਸੱਤਿਆਗ੍ਰਹਿ ਦੀ ਯਾਦ ਵਿਚ 12 ਮਾਰਚ ਨੂੰ ਸ਼ੁਰੂ ਹੋਣ ਵਾਲੇ ਅਹਿਮਦਾਬਾਦ ਤੋਂ ਵੱਖ-ਵੱਖ ਸੰਗਠਨਾਂ ਦੇ ਕਈ ਕਾਰਕੁਨਾਂ ਨੂੰ ਮਾਰਚ ਕੱਢਣ ਤੋਂ ਰੋਕਿਆ ਗਿਆ ਅਤੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉੱਥੇ ਨਜ਼ਰਬੰਦ ਰੱਖਿਆ ਗਿਆ। ਸੰਯੁਕਤ ਕਿਸਾਨ ਮੋਰਚਾ ਇਸਦੀ ਸਖ਼ਤ ਨਿਖੇਧੀ ਕਰਦਾ ਹੈ। ਅੱਜ ਮੁੰਬਈ ਤੋਂ ਸ਼ੁਰੂ ਹੋਈ ਮਿੱਟੀ- ਸੱਤਿਆਗ੍ਰਹਿ ਯਾਤਰਾ 6 ਅਪ੍ਰੈਲ 2021 ਨੂੰ ਸਿੰਘੂ ਸਰਹੱਦ ‘ਤੇ ਪਹੁੰਚੇਗੀ।