Sarpanch claims to have hoisted : ਦਿੱਲੀ ਦੇ ਲਾਲ ਕਿਲ੍ਹੇ ਵਿਖੇ ਧਾਰਮਿਕ ਝੰਡਾ ਲਹਿਰਾਉਣ ਦਾ ਦਾਅਵਾ ਕਰਨ ਵਾਲੇ ਨੌਜਵਾਨ ਬਘੇਲ ਸਿੰਘ ਦਾ ਵੀਡੀਓ ਵਾਇਰਲ ਹੋਇਆ ਹੈ। ਉਹ ਗੜ੍ਹਸ਼ੰਕਰ ਦੇ ਪਿੰਡ ਲੱਲੀਆਂ ਦਾ ਸਰਪੰਚ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਗੜ੍ਹਸ਼ੰਕਰ ਪੁਲਿਸ ਇਸ ਮਾਮਲੇ ਦੀ ਜਾਂਚ ਲਈ ਉਸ ਦੇ ਘਰ ਗਈ। ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਬਘੇਲ ਸਿੰਘ ਘਰੋਂ ਨਹੀਂ ਮਿਲਿਆ। ਦੱਸਿਆ ਗਿਆ ਹੈ ਕਿ ਉਹ ਇਸ ਸਮੇਂ ਦਿੱਲੀ ਵਿਚ ਹੈ। ਉਸਦੇ ਮੋਬਾਈਲ ਉੱਤੇ ਵੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦਾ ਫੋਨ ਬੰਦ ਆ ਰਿਹਾ ਹੈ।
ਬਘੇਲ ਸਿੰਘ ਪਹਿਲਵਾਨੀ ਕਰਦਾ ਸੀ। ਉਹ ਹਰ ਸਾਲ ਆਪਣੇ ਪਿੰਡ ਵਿਚ ਛਿੰਜ ਮੇਲਾ ਵੀ ਕਰਵਾਉਂਦਾ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਰਹਿ ਚੁੱਕਾ ਹੈ ਪਰ ਬਰਗਾੜੀ ਕਾਂਡ ਤੋਂ ਬਾਅਦ ਉਸ ਨੇ ਪਾਰਟੀ ਛੱਡ ਦਿੱਤੀ। ਉਹ ਕਿਸਾਨੀ ਅੰਦੋਲਨ ਨਾਲ ਲਗਾਤਾਰ ਜੁੜਿਆ ਹੋਇਆ ਹੈ ਅਤੇ ਕਈ ਵਾਰ ਦਿੱਲੀ ਫਰੰਟ ਵਿਚ ਭਾਗ ਲੈ ਚੁੱਕਾ ਹੈ। ਹੁਣ ਉਹ ਫਿਰ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਲਈ ਦਿੱਲੀ ਗਿਆ ਸੀ।
ਦੱਸ ਦੇਈਏ ਕਿ ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ ’ਤੇ ਹੋਏ ਹੰਗਾਮੇ ਨਾਲ ਕਿਸਾਨ ਅੰਦੋਲਨ ’ਤੇ ਕਾਫੀ ਮਾੜਾ ਅਸਰ ਪਿਆ ਹੈ। ਵੱਡੀ ਗਿਣਤੀ ਵਿੱਚ ਕਿਸਾਨ ਵਾਪਿਸ ਆਪਣੇ ਘਰਾਂ ਨੂੰ ਪਰਤਨੇ ਸ਼ੁਰੂ ਹੋ ਗਏ ਹਨ। ਕਿਸਾਨ ਆਗੂਆਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ। ਕਿਸਾਨ ਨੇਤਾਵਾਂ ਨੇ ਵੀ ਇਸ ਹੰਗਾਮੇ ਦੀ ਨਿੰਦਾ ਕੀਤੀ ਹੈ ਅਤੇ ਇਸ ਦੇ ਪਛਤਾਵੇ ਲਈ 30 ਜਨਵਰੀ ਨੂੰ ਇੱਕ ਰੋਜ਼ਾ ਵਰਤ ਰੱਖਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਸਾਨ ਜੱਥੇਬੰਦੀਆਂ ਨੇ 1 ਫਰਵਰੀ ਨੂੰ ਕੱਢੇ ਜਾਣ ਵਾਲੇ ਪਾਰਲੀਮੈਂਟ ਮਾਰਚ ਨੂੰ ਰੱਦ ਕਰ ਦਿੱਤਾ ਹੈ।