Saudi Arabia impose full lockdown: ਕੋਰੋਨਾ ਵਾਇਰਸ ਦੀ ਲਾਗ ਦਾ ਪ੍ਰਭਾਵ ਹੁਣ ਤਿਉਹਾਰਾਂ ‘ਤੇ ਵੀ ਦਿਖਾਈ ਦੇ ਰਿਹਾ ਹੈ । ਇਨ੍ਹੀ ਦਿਨੀਂ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਮਹੀਨੇ ਦਾ ਅੰਤ ਈਦ ਉਲ ਫਿਤਰ ਨਾਲ ਹੋਣਾ ਹੈ । ਅਜਿਹੀ ਸਥਿਤੀ ਵਿੱਚ ਸਾਊਦੀ ਅਰਬ ਨੇ ਈਦ ਦੇ ਮੌਕੇ ‘ਤੇ ਦੇਸ਼ ਵਿੱਚ 5 ਦਿਨਾਂ ਲਈ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ 23 ਮਈ ਤੋਂ 27 ਮਈ ਤੱਕ 5 ਦਿਨ ਮੁਕੰਮਲ ਲਾਕਡਾਊਨ ਲਾਗੂ ਰਹੇਗਾ । ਫਿਲਹਾਲ ਸਾਊਦੀ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਦੀ ਆਗਿਆ ਹੈ, ਜੋ ਈਦ ਤੋਂ ਪਹਿਲਾਂ ਤੱਕ ਜਾਰੀ ਰਹੇਗੀ । ਈਦ ਦੇ ਮੌਕੇ ‘ਤੇ 23 ਮਈ ਤੋਂ 27 ਮਈ ਤੱਕ ਸਾਊਦੀ ਵਿੱਚ 5 ਦਿਨਾਂ ਦੀ ਛੁੱਟੀ ਰਹੇਗੀ ।
ਸੂਤਰਾਂ ਅਨੁਸਾਰ ਸਾਊਦੀ ਵਿੱਚ ਕੋਰੋਨਾ ਵਾਇਰਸ ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਰਮਜ਼ਾਨ ਦੇ ਅੰਤ ਤੱਕ ਜਾਰੀ ਰਹਿਣਗੀਆਂ । ਰਮਜ਼ਾਨ 30 ਅਤੇ ਸ਼ੋਵਾਲ 4 (23-27 ਮਈ) ਦੇ ਵਿਚਕਾਰ ਕਿਸੇ ਵੀ ਗਤੀਵਿਧੀ ‘ਤੇ ਪੂਰਨ ਪਾਬੰਦੀ ਹੋਵੇਗੀ । ਜ਼ਿਕਰਯੋਗ ਹੈ ਕਿ ਇਤਿਹਾਸਕ ਸ਼ਹਿਰ ਮੱਕਾ ਵਿਚ ਪਹਿਲਾਂ ਹੀ ਲਾਕਡਾਊਨ ਲਾਗੂ ਹੈ, ਜੋ ਅੱਗੇ ਵੀ ਜਾਰੀ ਰਹੇਗਾ । ਇਕੱਲੇ ਇਸ ਸ਼ਹਿਰ ਵਿੱਚ ਹੀ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਦਾ ਇਹ ਸ਼ਹਿਰ ਕੋਰੋਨਾ ਵਾਇਰਸ ਦੀ ਲਾਗ ਨਾਲ ਸਭ ਤੋਂ ਪ੍ਰਭਾਵਿਤ ਹੈ । ਸਾਊਦੀ ਸਰਕਾਰ ਲਗਾਤਾਰ ਦੇਸ਼ ਦੇ ਲੋਕਾਂ ਨੂੰ ਸਮਾਜਿਕ ਦੂਰੀਆਂ ਅਤੇ ਲਾਕਡਾਊਨ ਨਾਲ ਜੁੜੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਲਗਾਤਾਰ ਅਪੀਲ ਕਰ ਰਹੀ ਹੈ ।
ਦੱਸ ਦੇਈਏ ਕਿ ਸਾਊਦੀ ਅਰਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਇੱਥੇ ਮੰਗਲਵਾਰ ਨੂੰ 1,900 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਮ੍ਰਿਤਕਾਂ ਦੀ ਗਿਣਤੀ 264 ਹੋ ਗਈ ਹੈ । ਸਾਊਦੀ ਵਿੱਚ ਹੁਣ ਤੱਕ 15,000 ਲੋਕ ਠੀਕ ਹੋ ਚੁੱਕੇ ਹਨ ਤੇ 43 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ ।