ਭਾਰਤੀ ਸਟੇਟ ਬੈਂਕ ਨੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਐੱਸਬੀਆਈ ਦੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਧੋਨੀ ਵੱਖ-ਵੱਖ ਮਾਰਕੀਟਿੰਗ ਅਤੇ ਪ੍ਰਚਾਰ ਮੁਹਿੰਮਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗਾ।
ਬਿਆਨ ਮੁਤਾਬਕ ਤਣਾਅਪੂਰਨ ਸਥਿਤੀਆਂ ਵਿੱਚ ਸੰਜਮ ਬਣਾਈ ਰੱਖਣ ਦੀ ਉਨ੍ਹਾਂ ਦੀ ਯੋਗਤਾ ਕਮਾਲ ਦੀ ਹੈ। ਨਾਲ ਹੀ, ਉਨ੍ਹਾਂ ਦੀ ਸਪਸ਼ਟ ਸੋਚ ਅਤੇ ਦਬਾਅ ਹੇਠ ਜਲਦੀ ਫੈਸਲੇ ਲੈਣ ਦੀ ਯੋਗਤਾ ਉਨ੍ਹਾਂ ਨੂੰ SBI ਵਿੱਚ ਸ਼ਾਮਲ ਹੋਣ ਲਈ ਆਦਰਸ਼ ਬਣਾਉਂਦੀ ਹੈ। ਅੰਬੈਸਡਰ ਬਣ ਕੇ, ਉਹ ਦੇਸ਼ ਭਰ ਦੇ ਐਸਬੀਆਈ ਗਾਹਕਾਂ ਅਤੇ ਹਿੱਸੇਦਾਰਾਂ ਨਾਲ ਜੁੜਨ ਦੇ ਯੋਗ ਹੋਣਗੇ।
ਐੱਸਬੀਆਈ ਨੇ ਕਿਹਾ ਕਿ ਇਹ ਸਹਿਯੋਗ ਭਰੋਸੇਯੋਗਤਾ ਤੇ ਅਗਵਾਈ ਦੇ ਮੁੱਲਾਂ ਨੂੰ ਦਰਸਾਉਂਦੇ ਹੋਏ ਆਪਣੇ ਗਾਹਕਾਂ ਨਾਲ ਡੂੰਘੇ ਸਬੰਧ ਬਣਾਉਣ ਦੀ ਬੈਂਕ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਐੱਸਬੀਆਈ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਇਸ ਸਾਂਝੇਦਾਰੀ ਦੇ ਨਾਲ ਸਾਡਾ ਟੀਚਾ ਵਿਸ਼ਵਾਸ, ਅਖੰਡਤਾ ਤੇ ਅਟੁੱਟ ਸਮਰਪਣ ਦੇ ਨਾਲ-ਨਾਲ ਰਾਸ਼ਟਰ ਤੇ ਆਪਣੇ ਗਾਹਕਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨਾ ਹੈ।
ਪਬਲਿਕ ਸੈਕਟਰ ਬੈਂਕਾਂ ਵਿਚ ਐੱਸਬੀਆਈ ਦੇਸ਼ ਦਾ ਸਭ ਤੋਂ ਵੱਡਾ ਕਰਜ਼ਦਾਤਾ ਹੈ। ਭਾਰਤੀ ਸਟੇਟ ਬੈਂਕ ਪ੍ਰਾਪਰਟੀ, ਡਿਪਾਜਿਟ, ਬ੍ਰਾਂਚੇਜ, ਕਸਟਮਰਸ ਤੇ ਮੁਲਾਜ਼ਮਾਂ ਦੇ ਮਾਮਲੇ ਵਿਚ ਸਭ ਤੋਂ ਵੱਡਾ ਕਮਰਸ਼ੀਅਲ ਬੈਂਕ ਹੈ। ਐੱਸਬੀਆਈ ਨੇ ਹੁਣ ਤੱਕ 30 ਲੱਖ ਤੋਂ ਵੱਧ ਭਾਰਤੀ ਪਰਿਵਾਰਾਂ ਦੇ ਘਰ ਖਰੀਦਣ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਐੱਸਬੀਆਈ ਦਾ ਹੋਮ ਲੋਨ ਦਾ ਪੋਰਟਫੋਲੀਓ 6.53 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਆ ਗਏ X ਦੇ 2 ਨਵੇਂ ਪਲਾਨ, ਜੇ ads ਹਟਾਉਣਾ ਚਾਹੁੰਦੇ ਹੋ ਤਾਂ ਭਰਨੇ ਪਊ ਇੰਨੇ ਪੈਸੇ
ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਐੱਸਬੀਆਈ ਦਾ ਸ਼ੇਅਰ 2.53 ਫੀਸਦੀ ਜਾਂ 13.85 ਰੁਪਏ ਦੀ ਬੜ੍ਹਤ ਦੇ ਨਾਲ 561 ਰੁਪਏ ‘ਤੇ ਬੰਦ ਹੋਇਆ ਸੀ। ਇਸ ਸ਼ੇਅਰ ਦਾ 52 ਵੀਕ ਹਾਈ 629.65 ਰੁਪਏ ਹੈ। ਦੂਜੇ ਪਾਸੇ 52 ਵੀਕ ਲੋ 499.35 ਰੁਪਏ ਹੈ। ਐੱਸਬੀਆਈ ਦਾ ਮਾਰਕੀਟ ਕੈਪ ਇਸ ਸਮੇਂ 5,00,670.73 ਕਰੋੜ ਰੁਪਏ ਹੈ।