Schools not to be opened : ਪੰਜਾਬ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਤੋਂ ਬਾਅਦ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਨਰਸਰੀ ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾਣ ਦੇ ਕਿਆਸਾਂ ਨੂੰ ਖਤਮ ਕਰਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਅਜੇ ਸਕੂਲ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਸੂਬੇ ਵਿੱਚ 15 ਅਕਤੂਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਗਏ ਸਨ, ਜਿਥੇ ਉਹ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਹੀ ਸਕੂਲ ਜਾ ਸਕਦੇ ਹਨ। ਹਾਲਾਂਕਿ ਸਕੂਲਾਂ ਵਿੱਚ ਹਾਜ਼ਰੀ ਲਾਜ਼ਮੀ ਨਹੀਂ ਸੀ। ਪਰ ਇਸ ਦੇ ਬਾਵਜੂਦ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਦੀ ਗਿਣਤੀ ਵੀ ਸਕੂਲ ਵਿੱਚ ਕਾਫੀ ਘੱਟ ਰਹੀ, ਜਿਸ ਦੇ ਚੱਲਦਿਆਂ ਹੁਣ ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਅਜੇ ਨਰਸਰੀ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਨਹੀਂ ਖੋਲ੍ਹੇ ਜਾਣਗੇ। ਇਹ ਫੈਸਲਾ ਸੂਬੇ ਵਿੱਚ ਚੱਲ ਰਹੀ ਕੋਵਿਡ ਮਹਾਮਾਰੀ ਦੇ ਚੱਲਦਿਆਂ ਲਿਆ ਗਿਆ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਅਜੇ ਕੋਰੋਨਾ ਖਤਮ ਨਹੀਂ ਹੋਇਆ ਹੈ ਅਤੇ ਪੰਜਾਬ ਸਰਕਾਰ ਕੋਰੋਨਾ ਗਾਈਡਲਾਈਨਸ ਦੀ ਪਾਲਣਾ ਕਰ ਰਹੀ ਹੈ। 9ਵੀਂ ਤੋਂ 12ਵੀਂ ਤੱਕ ਦੇ ਵਿਦਾਰਥੀਆਂ ਨੂੰ ਕਰੀਅਰ ਕਲਾਸਿਜ਼ ਜਾਂ ਡਾਊਟਸ ਦੇ ਚੱਲਦਿਆਂ ਹੀ ਸਕੂਲਾਂ ਵਿੱਚ ਮਾਪਿਆਂ ਦੀ ਮਨਜ਼ੂਰੀ ਨਾਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਉਸ ਵਿੱਚ ਵੀ ਬੱਚਿਆਂ ਦੀ ਕਾਫੀ ਘੱਟ ਗਿਣਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਮੀਡੀਅਮ ’ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਚੱਲਦਿਆਂ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਉਪਰਾਲਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਾਵਜੂਦ ਸੂਬੇ ਵਿੱਚ ਵਰਦੀਆਂ ਤੇ ਕਿਤਾਬਾਂ ਵੰਡਣ ਵਿੱਚ ਪੰਜਾਬ ਨੰਬਰ ਇੱਕ ਸੂਬਾ ਬਣਿਆ ਹੈ ਅਤੇ ਅਗਲੇ ਸਾਲ ਵੀ ਇਹ ਪੂਰੇ ਸਮੇਂ ’ਤੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਾਕਰ ਨੇ ਐਜੂਕੇਸ਼ਨ ਸੈਕਟਰ ਨੂੰ 100 ਕਰੋੜ ਰੁਪਏ ਹੋਰ ਗੈਜੇਟਸ ਵਾਸਤੇ ਮਨਜ਼ੂਰ ਕੀਤੇ ਹਨ, ਤਾਂਜੋ ਬੱਚਿਆਂ ਨੂੰ ਹੋਰ ਗੈਜੇਟਸ ਤੇ ਕੰਪਿਊਟਰ ਨਾਲ ਜੋੜਿਆ ਜਾ ਸਕੇ। ਪੰਜਾਬ 3-6 ਸਾਲ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਐਜੂਕੇਸ਼ਨ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣਿਆ। ਇਸ ਤੋਂ ਇਲਾਵਾ ਸਮਾਰਟ ਸਕੂਲ ਪਾਲਿਸੀ ਲੈ ਕੇ ਆਇਆ, ਜਿਸ ਅਧੀਨ ਸੂਬੇ ਵਿੱਚ 6832 ਸਕੂਲ ਸਮਾਰਟ ਸਕੂਲ ਬਣੇ ਹਨ, ਜਿਸ ਵਿੱਚ ਪੰਜਾਬ ਸਰਕਾਰ ਨੇ 690 ਕਰੋੜ ਰੁਪਏ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਕੋਵਿਡ ਦੌਰਾਨ ਸਾਢੇ ਤਿੰਨ ਲੱਖ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਆਏ, ਜੋ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪੰਜਾਬ ਸਰਾਕਰ ਨੇ ਆਨਲਾਈਨ ਸਿੱਖਿਆ ਵਾਸਤੇ 12ਵੀਂ ਦੇ ਵਿਦਿਆਰਥੀਆਂ ਨੂੰ ਹੁਣ ਤੱਕ 50-60 ਹਜ਼ਾਰ ਦੇ ਕਰੀਬ ਸਮਾਰਟ ਫੋਨ ਵੰਡੇ ਜਿਨ੍ਹਾਂ ਵਿੱਚੋਂ 1 ਲੱਖ 15 ਹਜ਼ਾਰ ਫੋਨ ਵੀ ਆਉਣ ਵਾਲੇ ਸਮੇਂ ਵਿੱਚ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਾਕਰ ਵੱਲੋਂ ਪ੍ਰਾਇਮਰੀ ਦੇ ਬੱਚਿਆਂ ਵਾਸਤੇ ਸਕੂਲਾਂ ਨੂੰ 7-7 ਟੈਬਲੇਟ ਵੀ ਦਿੱਤੇ ਜਾ ਰਹੇ ਹਨ।