ਚੰਡੀਗੜ੍ਹ : ਪੰਜਾਬ ਦੇ 10ਵੀਂ, 11ਵੀਂ ਅਤੇ 12ਵੀਂ ਕਲਾਸਾਂ ਲਈ ਸਕੂਲ 26 ਜੁਲਾਈ ਤੋਂ ਖੋਲ੍ਹਣ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਹੈ, ਜਿਸ ਵਿਚ 50 ਫੀਸਦੀ ਦੀ ਸਮਰੱਥਾ ਦੀ ਉਪਰਲੀ ਸੀਮਾ ਦੀ ਸ਼ਰਤ ਨਾਲ ਇਨਡੋਰ 150 ਅਤੇ ਆਊਟਡੋਰ 300 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ।
ਸੂਬੇ ਵਿੱਚ ਕੋਵਿਡ ਪਾਜ਼ੀਟਵ ਕੇਸਾਂ ਵਿੱਚ 0.3% ਦੇ ਗਿਰਾਵਟ ਦਾ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਨੂੰ ਦਸਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏਗੀ, ਪਰ ਸਿਰਫ ਉਨ੍ਹਾਂ ਅਧਿਆਪਕਾਂ ਅਤੇ ਸਟਾਫ ਨੂੰ ਸਰੀਰਕ ਤੌਰ ‘ਤੇ ਮੌਜੂਦ ਰਹਿਣ ਦੀ ਇਜ਼ਾਜ਼ਤ ਹੋਵੇਗੀ ਜੋ ਵੈਕਸੀਨ ਲਗਵਾ ਚੁੱਕੇ ਹਨ। ਵਿਦਿਆਰਥੀਆਂ ਦੀ ਸਰੀਰਕ ਮੌਜੂਦਗੀ ਪੂਰੀ ਤਰ੍ਹਾਂ ਮਾਪਿਆਂ ਦੀ ਸਹਿਮਤੀ ‘ਤੇ ਹੋਵੇਗੀ ਅਤੇ ਵਰਚੁਅਲ ਕਲਾਸਾਂ ਦਾ ਬਦਲ ਜਾਰੀ ਰੱਖਿਆ ਜਾਵੇਗਾ। ਇਸ ਸਬੰਧ ਵਿਚ ਇਕ ਉਪਬੰਧ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਸੌਂਪਿਆ ਜਾਵੇਗਾ।
ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਜੇ ਸਥਿਤੀ ਕਾਬੂ ਵਿਚ ਰਹਿੰਦੀ ਹੈ, ਤਾਂ ਬਾਕੀ ਦੀਆਂ ਕਲਾਸਾਂ ਨੂੰ ਵੀ ਇਸੇ ਤਰ੍ਹਾਂ ਹੀ 2 ਅਗਸਤ 2021 ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ। ਕੈਂਬਰਿਜ ਯੂਨੀਵਰਸਿਟੀ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਕੇਸ ਹੋਰ ਘਟ ਜਾਣਗੇ।
ਸਮਾਜਿਕ ਇਕੱਠਾਂ ਦੇ ਸੰਬੰਧ ਵਿੱਚ, ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਦੇ ਨਾਲ ਕਲਾਕਾਰਾਂ / ਸੰਗੀਤਕਾਰਾਂ ਨੂੰ ਸਾਰੇ ਖੇਤਰਾਂ ਵਿੱਚ ਅਜਿਹੇ ਸਮਾਗਮਾਂ / ਜਸ਼ਨਾਂ ਦੀ ਆਗਿਆ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਪੰਜਾਬ ‘ਚ ਨਕਲੀ ਸ਼ਰਾਬ ਖਿਲਾਫ ਸਰਕਾਰ ਨੇ ਚੁੱਕਿਆ ਕਦਮ- ਹੁਣ QR ਕੋਡ ਰਾਹੀਂ ਰੱਖੇਗੀ ਨਜ਼ਰ
ਮੁੱਖ ਮੰਤਰੀ ਵੱਲੋਂ ਵੈਕਸੀਨੇਸ਼ਨ ਦੇ ਨਾਲ ਬਾਰਾਂ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਪੂਲ, ਕੋਚਿੰਗ ਸੈਂਟਰ, ਖੇਡ ਕੰਪਲੈਕਸ, ਜਿੰਮ, ਮਾਲ, ਅਜਾਇਬ ਘਰ, ਚਿੜੀਆਘਰ, ਆਦਿ ਨੂੰ 50 ਫੀਸਦੀ ਖੋਲ੍ਹਣ ਦੇ ਆਦੇਸ਼ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਇਹ ਰਾਹਤ ਮਿਲੀ ਹੈ। ਉਨ੍ਹਾਂ ਪਹਿਲਾਂ ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਉੱਚ ਸਿਖਲਾਈ ਦੀਆਂ ਹੋਰ ਸਾਰੀਆਂ ਸੰਸਥਾਵਾਂ ਨੂੰ ਵੀ ਵੈਕਸੀਨੇਸ਼ਨ ਦੀ ਸ਼ਰਤ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ।