Science exhibitions for Punjab : ਪਟਿਆਲਾ : ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਅਧੀਨ ਸੂਬੇ ਵਿੱਚ ‘ਰਾਸ਼ਟਰੀ ਅਵਿਸ਼ਕਾਰ ਅਭਿਆਨ’ ਤਹਿਤ 23 ਤੋਂ 28 ਨਵੰਬਰ ਤੱਕ ਵਿਗਿਆਨ ਪ੍ਰਦਰਸ਼ਨੀਆਂ ਦਾ ਬਲਾਕ, ਜ਼ਿਲ੍ਹਾ ਅਤੇ ਸਟੇਟ ਪੱਧਰ ‘ਤੇ ਆਨ-ਲਾਈਨ/ਆਫ਼-ਲਾਈਨ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਿਗਿਆਨ ਪ੍ਰਦਰਸ਼ਨੀ ਬਲਾਕ ਪੱਧਰ ਤੇ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ 23 ਨਵੰਬਰ ਨੂੰ ਅਤੇ ਨੌਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ 24 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਜਦੋਂਕਿ ਜ਼ਿਲ੍ਹਾ ਪੱਧਰ ‘ਤੇ ਇਹ ਪ੍ਰਦਰਸ਼ਨੀ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ 25 ਨਵੰਬਰ ਨੂੰ ਅਤੇ ਨੌਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 26 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਰਾਜ ਪੱਧਰ ‘ਤੇ ਇਸ ਪ੍ਰਦਰਸ਼ਨੀ ਦਾ ਆਯੋਜਨ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 27 ਨਵੰਬਰ ਨੂੰ ਅਤੇ ਨੌਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ 28 ਨਵੰਬਰ ਨੂੰ ਕੀਤਾ ਜਾਵੇਗਾ।
ਵਿਗਿਆਨ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਲਈ ਸਕੂਲ ਪੱਧਰ ‘ਤੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸੰਬੰਧਿਤ ਬੀ.ਐੱਮ. ਵਿਗਿਆਨ ਨੂੰ ਭੇਜ ਸਕਦੇ ਹਨ, ਜਿਥੇ ਬਲਾਕ ਪੱਧਰ ‘ਤੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢੀ ਜਾਵੇਗੀ। ਇਨ੍ਹਾਂ ਬਲਾਕ ਪੱਧਰੀ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਟੀਮ ਦੇ ਵਿਦਿਆਰਥੀ ਦੇ ਮਾਡਲ ਦੀਆਂ ਵੀਡੀਓ ਵਿੱਚੋਂ ਜ਼ਿਲ੍ਹਾ ਪੱਧਰੀ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢੀ ਜਾਵੇਗੀ। ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਦੇ ਤਿਆਰ ਮਾਡਲ ਨੂੰ ਦੇਖ ਕੇ ਸਟੇਟ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢੀ ਜਾਵੇਗੀ।
ਜਿੱਤਣ ਵਾਲੇ ਵਿਦਿਆਰਥੀਆਂ ਨੂੰ ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ‘ਤੇ ਵੱਖ-ਵੱਖ ਨਕਦ ਇਨਾਮ ਦਿੱਤਾ ਜਾਵੇਗਾ, ਜਿਨ੍ਹਾਂ ਵਿੱਚ ਬਲਾਕ ਪੱਧਰ ‘ਤੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਕ੍ਰਮਵਾਰ 1500 ਰੁਪਏ, 1000 ਰੁਪਏ ਤੇ 500 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਉਥੇ ਹੀ ਜ਼ਿਲ੍ਹਾ ਪੱਧਰੀ ਪਹਿਲੇ ਦੂਜੇ ਤੇ ਤੀਜੇ ਜੇਤੂਆਂ ਨੂੰ ਕ੍ਰਮਵਾਰ 2100 ਰੁਪਏ, 1500 ਰੁਪਏ ਅਤੇ 1000 ਰੁਪਏ ਅਤੇ ਰਾਜ ਪੱਧਰ ‘ਤੇ ਪਹਿਲੇ, ਦੂਜੇ ਤੇ ਤੀਜੇ ਜੇਤੂ ਨੂੰ ਕ੍ਰਮਵਾਰ 5100 ਰੁਪਏ, 3100 ਰੁਪਏ ਅਤੇ 2100 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।