Seed scam Case : ਚੰਡੀਗੜ੍ਹ : ਪੰਜਾਬ ਸਰਕਾਰ ਨੇ ਬੀਤੇ ਦਿਨੀਂ ਸੂਬੇ ਵਿਚ ਹੋਏ ਝੋਨਾ ਬੀਜ ਘਪਲੇ ਵਿਚ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਚੱਲਦਿਆਂ ਹੁਣ ਬੀਜ ਤਿਆਰ ਕਰਨ ਵਾਲਿਆਂ ਦੀ ਪੂਰੀ ਸਖਤੀ ਨਾਲ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਇਸ ਵਿਚ ਜੇਕਰ ਕੋਈ ਵੀ ਗੜਬੜ ਹੁੰਦੀ ਹੈ ਤਾਂ ਇਸ ਦੇ ਲਈ ਉਨ੍ਹਾਂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਮੰਨਿਆ ਜਾਵੇਗਾ ਤੇ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਲਈ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰ ਦਿੱਤਾ ਹੈ।
ਪੰਜਾਬ ਵੱਲੋਂ ਚੁੱਕੇ ਗਏ ਇਨ੍ਹਾਂ ਸਖਤ ਕਦਮਾਂ ਅਧੀਨ ਕਿਸੇ ਵੀ ਫਸਲ ਦਾ ਕੋਈ ਨਵਾਂ ਬੀਜ ਤਿਆਰ ਕੀਤਾ ਜਾਏਗਾ ਤਾਂ ਇਸ ਦੀ ਜ਼ਿੰਮੇਵਾਰੀ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਦੀ ਹੀ ਹੋਵੇਗੀ। ਉਹ ਇਸ ਗੱਲ ਦਾ ਧਿਆਨ ਰਖਣਗੇ ਕਿ ਕਿਸੇ ਵੀ ਕੀਮਤ ’ਤੇ ਇਸ ਦਾ ਫਾਰਮੂਲਾ ਲੀਕ ਨਾ ਹੋਵੇ। ਜੇਕਰ ਫਿਰ ਵੀ ਅਜਿਹਾ ਹੁੰਦਾ ਹੈ ਤਾਂ ਸਿੱਧੇ ਪੀਏਯੂ ਅਤੇ ਖੇਤੀਬਾੜੀ ਦੇ ਅਧਿਕਾਰੀਆਂ ’ਤੇ ਹੀ ਉਨ੍ਹਾਂ ਨੂੰ ਜ਼ਿੰਮੇਵਾਰੀ ਮੰਨਦੇ ਹੋਏ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਬਾਕੀ ਅਧਿਕਾਰੀਆਂ ਨੂੰ ਇਨ੍ਹਾਂ ਮੁਤਾਬਕ ਹੀ ਕੰਮ ਕਰਨਾ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੀਕ ਹੋਣ ਦੀ ਸੂਰਤ ਵਿਚ ਇਹ ਦੋਵੇਂ ਹੀ ਜ਼ਿੰਮੇਵਾਰ ਹੋਣਗੇ।
ਦੱਸਣਯੋਗ ਹੈ ਕਿ ਬੀਜਪ ਘਪਲੇ ਵਿਚ ਐਸਆਈਟੀ ਨੇ ਸਰਾਕਰ ਨੂੰ ਤੀਸਰੀ ਪ੍ਰੀਲਿਮ ਰਿਪੋਰਟ ਸੌਂਪ ਦਿੱਤੀ ਹੈ। ਐਸਆਈਟੀ ਨੇ ਆਪਣੀ ਰਿਪੋਰਟ ਵਿਚ ਖੇਤੀ ਵਿਭਾਗ ਦੇ ਅਧਿਕਾਰੀ ਨੂੰ ਦੋਸ਼ੀ ਠਹਿਰਾਇਆ ਹੈ, ਉਥੇ ਲੁਧਿਆਣਾ ਸਥਿਤ ਬੀਜ ਵਿਕ੍ਰੇਤਾ ਬਰਾੜ ਸੀਡ ਦਾ ਨਾਂ ਵੀ ਲਿਆ ਗਿਆ ਹੈ। ਖੇਤੀਬਾੜੀ ਅਫਸਰਾਂ ਨੂੰ ਇਸ ਬਾਰੇ ਪਤਾ ਸੀ ਕਿ ਉਨ੍ਹਾਂ ਨੇ ਬਿਨਾਂ ਸਰਟੀਫਾਈ ਕਰਵਾਏ ਹੀ ਬੀਜ ਮਾਰਕੀਟ ਵਿਚ ਉਤਾਰ ਦਿੱਤਾ, ਪਰ ਸਮਾਂ ਰਹਿੰਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਚੱਲਦਿਆਂ ਇੰਨਾ ਵੱਡਾ ਘਪਲਾ ਹੋਇਆ।