ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿਚ ਗਏ ਨੌਜਵਾਨਾਂ ਦੇ ਸੁਪਨੇ ਡਿਪੋਰਟ ਕੀਤੇ ਜਹਾਜ਼ ਨੇ ਤੋੜ ਦਿੱਤੇ। ਨੌਜਵਾਨਾਂ ਵੱਲੋਂ ਸੁਣਾਈਆਂ ਗਈਆਂ ਹੱਢਬੀਤੀਆਂ ਸੁਣ ਕੇ ਹਿਰਦੇ ਵਲੂੰਧਰੇ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲ੍ਹੇ ਦੇ ਧਰਮਕੋਟ ਤੋਂ ਸਾਹਮਣੇ ਆਇਆ ਹੈ ਜਿਥੋਂ ਦਾ ਨੌਜਵਾਨ ਜਸਵਿੰਦਰ ਸਿੰਘ 45 ਲੱਖ ਰੁਪਏ ਖਰਚ ਕੇ ਅਮਰੀਕਾ ਗਿਆ ਸੀ ਪਰ ਡੇਢ ਮਹੀਨੇ ਬਾਅਦ ਹੀ ਉਹ ਵਾਪਸ ਪਰਤ ਆਇਆ ਹੈ।
ਜਸਵਿੰਦਰ ਧਰਮਕੋਟ ਪੰਡੋਰੀਆ ਆਰੀਆ ਦਾ ਰਹਿਣ ਵਾਲਾ ਹੈ। ਜਸਵਿੰਦਰ ਸਿੰਘ ਦੇ ਦੋ ਭਰਾ ਤੇ ਦੋ ਭੈਣਾਂ ਹਨ। ਪੂਰੇ ਪਰਿਵਾਰ ਵਿਚ 7 ਜੀਅ ਹਨ। ਅਮਰੀਕਾ ਜਾਣ ਦੀ ਚਾਹਤ ਵਿਚ ਜਸਵਿੰਦਰ ਨੇ ਆਪਣੀ ਡੇਢ ਕਿਲਾ ਜ਼ਮੀਨ ਵੇਚ ਦਿੱਤੀ ਤੇ ਦੋ ਕਮਰਿਆਂ ਦੇ ਘਰ ਨੂੰ ਵੀ ਗਿਰਵੀ ਰੱਖ ਦਿੱਤਾ।
ਟ੍ਰੈਵਲ ਏਜੰਟ ਵੱਲੋਂ ਦਿੱਤੇ ਧੋਖੇ ਨੇ ਉਸ ਦੇ ਪਰਿਵਾਰ ਦੇ ਪੱਲੇ ਕੁਝ ਨਾ ਛੱਡਿਆ। ਏਜੰਟ ਨੇ ਕਿਹਾ ਸੀ ਕਿ ਜਸਵਿੰਦਰ ਸਿੱਧਾ ਹਵਾਈ ਜਹਾਜ਼ ਤੋਂ ਹੀ ਜਾਵੇਗਾ ਪਰ ਇਹ ਨਹੀਂ ਦੱਸਿਆ ਸੀ ਕਿ ਮੈਕਸੀਕੋ ਦੇ ਅੱਗੇ ਡੌਂਕੀ ਲੱਗੇਗੀ। 18 ਦਿਨ ਤੱਕ ਜਸਵਿੰਦਰ ਨੂੰ ਜੇਲ੍ਹ ਵਿਚ ਰੱਖਿਆ ਗਿਆ ਤੇ ਉਥੇ ਉਸ ਨੂੰ ਖਾਣ ਲਈ ਸਿਰਫ ਕੁਰਕੁਰੇ ਹੀ ਦਿੱਤੇ ਗਏ।
ਜਸਵਿੰਦਰ ਨੇ ਦੱਸਿਆ ਕਿ ਉਹ ਧਰਮਕੋਟ ਵਿਚ ਇਕ ਕੱਪੜੇ ਦੀ ਦੁਕਾਨ ‘ਤੇ ਸੇਲਜ਼ਮੈਨੀ ਦਾ ਕੰਮ ਕਰਦਾ ਸੀ ਤੇ ਉਹ ਟ੍ਰੈਵਲ ਏਜੰਟ ਦੇ ਝਾਂਸੇ ਵਿਚ ਆ ਗਿਆ ਜਿਸ ਨੇ ਉਸ ਨੂੰ ਅਮਰੀਕਾ ਭੇਜਣ ਤੇ ਉਥੇ ਨੌਕਰੀ ਦਿਵਾਉਣ ਦਾ ਝੂਠਾ ਸੁਪਨਾ ਦਿਖਾਇਆ ਸੀ ਤੇ 45 ਲੱਖ ਵਿਚ ਗੱਲ ਹੋਈ ਸੀ। ਅਸੀਂ ਆਪਣੀ ਡੇਢ ਕਿੱਲਾ ਜ਼ਮੀਨ ਨੂੰ ਵੇਚ ਦਿੱਤਾ ਸੀ ਤੇ ਮਕਾਨ ਨੂੰ ਵੀ ਗਿਰਵੀ ਰੱਖ ਦਿੱਤਾ ਸੀ ਤੇ ਮੈਨੂੰ 25 ਜਨਵਰੀ ਨੂੰ ਦਿੱਲੀ ਤੋਂ ਜਹਾਜ਼ ‘ਤੇ ਬਿਠਾਇਆ ਗਿਆ। ਉਥੋਂ ਮੈਨੂੰ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ ਮੈਨੂੰ ਮੈਕਸੀਕੋ ਉਤਾਰਿਆ ਗਿਆ ਤੇ ਉਥੋਂ ਮੇਰੀ ਡੌਂਕੀ ਸ਼ੁਰੂ ਹੋਈ।
ਇਹ ਵੀ ਪੜ੍ਹੋ : 20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ CM, ਸਹੁੰ ਚੁੱਕ ਸਮਾਗਮ ‘ਚ ਪਹੁੰਚਣਗੇ PM ਸਣੇ 20 ਸੂਬਿਆਂ ਦੇ ਮੁੱਖ ਮੰਤਰੀ
ਮੈਨੂੰ ਪਤਾ ਨਹੀਂ ਸੀ ਕਿ ਮੈਂ ਡੌਂਕੀ ਦੇ ਚੱਕਰ ਵਿਚ ਹਾਂ ਤੇ ਮੈਨੂੰ 27 ਜਨਵਰੀ ਨੂੰ ਬਾਰਡਰ ਕਰਾਸ ਕਰਵਾਇਆ ਗਿਆ ਤੇ ਬਾਰਡਰ ਕ੍ਰਾਸ ਕਰਦੇ ਹੀ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਨੂੰ ਕੈਂਪ ਵਿਚ ਬੰਦ ਕਰ ਦਿੱਤਾ ਗਿਆ। 18 ਦਿਨ ਤੱਕ ਮੇਰੇ ‘ਤੇ ਜੋ ਜ਼ੁਲਮ ਹੋਏ ਉਹ ਦੱਸਣਾ ਬਹੁਤ ਮੁਸ਼ਕਲ ਹੈ ਤੇ ਗੱਲ ਕਰਦੇ ਸਮੇਂ ਰੌਂਗਟੇ ਖੜ੍ਹੇ ਹੋ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ 45 ਲੱਖ ਰੁਪਏ ਲਾ ਕੇ ਅਸੀਂ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਘਰ ਦੇ ਹਾਲਾਤ ਸੁਧਰ ਸਕਣ ਪਰ ਹੁਣ ਪੂਰਾ ਪਰਿਵਾਰ ਸਦਮੇ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -:
