Services resume at the Passport : ਜਲੰਧਰ ਵਿਖੇ ਪਾਸਪੋਰਟ ਸੇਵਾ ਕੇਂਦਰ ’ਤੇ ਮੰਗਲਵਾਰ 26 ਮਈ ਤੋਂ ਮੁੜ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਦੀ ਜਾਣਕਾਰੀ ਰੀਜਨਲ ਪਾਸਪੋਰਟ ਅਫਸਰ ਸ਼੍ਰੀ ਰਾਜ ਕੁਮਾਰ ਬਾਲੀ ਨੇ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਵਾਸਤੇ ਭਾਰਤ ਸਰਕਾਰ ਵੱਲੋਂ ਐਮਨੈਂਟ ਮਾਲ ਨੇੜੇ ਗੁਰੂ ਨਾਨਕ ਮਿਸ਼ਨ ਚੌਕ ਜਲੰਧਰ ਵਿਖੇ ਪਾਸਪੋਰਟ ਸੇਵਾ ਕੇਂਦਰ (ਪਾਸਪੋਰਟ ਸੇਵਾ ਕੇਂਦਰ ਜਲੰਧਰ-1) ਕੱਲ੍ਹ ਤੋਂ ਮੁੜ ਕੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਾਸਪੋਰਟ ਸੇਵਾ ਕੇਂਦਰ ਵੱਲੋਂ 26 ਮਈ ਦਿਨ ਮੰਗਲਵਾਰ ਤੋਂ ਆਮ ਸ਼੍ਰੇਣੀ ਦੀਆਂ 50 ਫੀਸਦੀ ਮੁਲਾਕਾਤਾਂ ਨਾਲ ਮੁੜ ਸੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੁੱਛਗਿੱਛ ਦੇ ਮੰਤਵ ਨਾਲ ਆਨਲਾਈਨ 50 ਫੀਸਦੀ ਮੁਲਾਕਾਤਾਂ ਨੂੰ ਮੁੱਖ ਪਾਸਪੋਰਟ ਦਫਤਰ ਨੂੰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਤਕਾਲ ਅਤੇ ਪੀਸੀਸੀ ਅਰਜ਼ੀਆਂ ਨੂੰ ਅਜੇ ਅਗਲੇ ਹੁਕਮਾਂ ਤੱਕ ਮੁਲਤਵੀ ਰਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਸਪੋਰਟ ਸੇਵਾ ਕੇਂਦਰ ਹੁਸ਼ਿਆਰਪੁਰ ਵੱਲੋਂ ਪਹਿਲਾਂ ਹੀ 6 ਮਈ ਤੋਂ ਕੰਮ ਕੀਤਾ ਜਾ ਰਿਹਾ ਹੈ। ਰੀਜਨਲ ਪਾਸਪੋਰਟ ਅਫਸਰ ਨੇ ਬਿਨੈਕਾਰ ਨੂੰ ਸਲਾਹ ਦਿੱਤੀ ਕਿ ਪਾਸਪੋਰਟ ਸੇਵਾ ਕੇਂਦਰ ਆਉਣ ਸਮੇਂ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਮਾਸਕ ਜ਼ਰੂਰ ਪਹਿਨਣਾ ਤੇ ਸੈਨੀਟਾਈਜ਼ਰ ਨਾਲ ਰਖਣਾ ਚਾਹੀਦਾ ਹੈ ਅਤੇ ਪਾਸਪੋਰਟ ਸੇਵਾ ਕੇਂਦਰ ਅਤੇ ਮੁੱਖ ਪਾਸਪੋਰਟ ਦਫਤਰ ਵਿਖੇ ਸਰਕਾਰ ਵੱਲੋਂ ਜਾਰੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ’ਅਰੋਗਿਆ ਸੇਤੂ’ ਐਪ ਡਾਊਨਲੋਡ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 10 ਸਾਲ ਤੋਂ ਘੱਟ ਉਮਰ ਦੇ ਬਿਨੈਕਾਰਾਂ ਅਤੇ ਬਜ਼ੁਰਗਾਂ ਨੂੰ ਬਹੁਤ ਹੀ ਜ਼ਰੂਰੀ ਕਾਰਨਾਂ ਕਰਕੇ ਪਾਸਪੋਰਟ ਸੇਵਾ ਕੇਂਦਰ ਆਉਣਾ ਚਾਹੀਦਾ ਹੈ। ਰੀਜਨਲ ਪਾਸਪੋਰਟ ਅਫਸਰ ਨੇ ਅੱਗੇ ਕਿਹਾ ਕਿ ਪਾਸਪੋਰਟ ਬਿਨੈਕਾਰਾਂ ਨੂੰ ਪਹਿਲਾਂ ਤੋਂ ਜਮ੍ਹਾ/ ਬਕਾਇਆ ਅਰਜ਼ੀਆਂ ਸਬੰਧੀ ਆਨਲਾਈਨ ਮੁਲਾਕਾਤ ਦਾ ਸਮਾਂ ਲੈ ਕੇ ਹੀ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਬਿਨੈਕਾਰ ਵੈੱਬਸਾਈਟ www.passportindia.gov.in ’ਤੇ ਜਾਂ ਟੈਲੀਫੋਨ ਨੰ. 0181-2242114 ਅਤੇ 2242115 ’ਤੇ ਸੰਪਰਕ ਕਰ ਸਕਦੇ ਹਨ।