SGPC made a big effort : ਪੰਜਾਬ ਨੂੰ ਲੜਕੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੱਖਰਾ ਡਾਇਰੈਕਟੋਰੇਟ ਸਥਾਪਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸਪੋਰਟਸ ਵਿਭਾਗ ਅਧੀਨ ਤਿੰਨ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਸਕੂਲਾਂ/ਕਾਲਜਾਂ ਅੰਦਰ ਵੱਖ-ਵੱਖ ਖੇਡਾਂ ਨੂੰ ਵੀ ਵਿਸ਼ੇਸ਼ ਅਹਿਮੀਅਤ ਦਿੱਤੀ ਜਾ ਰਹੀ ਹੈ। ਪਿਛਲੇ ਦਿਨੀਂ ਹੀ ਹਾਕੀ ਇੰਡੀਆ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਅਕੈਡਮੀਆਂ ਨੂੰ ਮਾਨਤਾ ਮਿਲੀ ਹੈ।
ਹਾਕੀ ਉਲੰਪੀਅਨ ਬੀਬੀ ਰਾਜਬੀਰ ਕੌਰ ਅਰਜੁਨਾ ਐਵਾਰਡੀ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਅਤੇ ਡਿਪਟੀ ਡਾਇਰੈਕਟਰ ਬੀਬੀ ਸੁਰਜੀਤ ਕੌਰ ਹਾਕੀ ਉਲੰਪੀਅਨ ਨੂੰ ਇਸ ਦੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਜਦਕਿ ਸਲਾਹਕਾਰ ਕਮੇਟੀ ਵਿੱਚ ਹਾਕੀ ਉਲੰਪੀਅਨ ਪ੍ਰਿੰ. ਰੂਪਾ ਸੈਣੀ ਗੋਲਡ ਮੈਡਲਿਸਟ ਨੂੰ ਮੁੱਖ ਸਲਾਹਕਾਰ ਅਤੇ ਨੈਸ਼ਨਲ ਬਾਸਕਿਟ ਬਾਲ ਖਿਡਾਰਨ ਬੀਬੀ ਹਰਪ੍ਰੀਤ ਕੌਰ ਬਰਨਾਲਾ, ਕੌਮਾਂਤਰੀ ਬਾਸਕਿਟ ਬਾਲ ਖਿਡਾਰਨ ਸ੍ਰੀਮਤੀ ਸੁਮਿਤੀ ਸੇਵਾਮੁਕਤ ਪ੍ਰਿੰਸੀਪਲ, ਸਾਬਕਾ ਕ੍ਰਿਕਟਰ ਸ੍ਰੀਮਤੀ ਪੂਨਮ ਅਰੋੜਾ, ਬੀਬੀ ਪਰਮਿੰਦਰ ਕੌਰ ਪੰਨੂ ਅਤੇ ਬੀਬੀ ਰਾਜਿੰਦਰ ਕੌਰ ਨੈਸ਼ਨਲ ਹਾਕੀ ਖਿਡਾਰਨ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਵਿੱਚੋਂ ਚੰਗੇ ਖਿਡਾਰੀਆਂ ਨੂੰ ਚੁਣ ਕੇ ਵੱਖ-ਵੱਖ ਖੇਡਾਂ ਲਈ ਅੱਗੇ ਵਧਣ ਲਈ ਪ੍ਰੇਰਿਆ ਜਾਵੇਗਾ ਤੇ ਬਿਹਤਰ ਕਾਰਗੁਜਾਰੀ ਲਈ ਖੇਡ ਸਹੂਲਤਾਂ ਦਿੱਤੀਆਂ ਜਾਣਗੀਆਂ।