SGPC to celebrate centenary : ਅੰਮ੍ਰਿਤਸਰ : ਸਿੱਖਾਂ ਨੇ ਹਮੇਸ਼ਾ ਹੀ ਹੱਕ ਸੱਚ ਦੀ ਖਾਤਰ ਆਪਣੀਆਂ ਸ਼ਹਾਦਤਾਂ ਦੇਣ ਲਈ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਸ਼੍ਰੋਮਣੀ ਕਮੇਟੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਪਰੇ ਸਾਕਿਆਂ ਨਾਲ ਸਬੰਧਤ ਸੌ ਸਾਲਾ ਦਿਹਾੜੇ ਵੱਡੇ ਪੱਧਰ ’ਤੇ ਮਨਾਏਗੀ, ਤਾਂ ਜੋ ਹੁਣ ਦੀ ਪੀੜ੍ਹੀ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਮਿਲ ਸਕੇ। ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਕਾ ਸ੍ਰੀ ਤਰਨ ਤਾਰਨ ਸਾਹਿਬ ਦੇ ਸ਼ਹੀਦਾਂ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਦੀ ਯਾਦ ਵਿਚ ਤਰਨ ਤਾਰਨ ਦੇ ਨਗਰ ਅਲਾਦੀਨਪੁਰ ਵਿਖੇ ਸ਼ਤਾਬਦੀ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਲਹਿਰ ਵਿਚ ਸ਼ਹੀਦ ਹੋਏ ਸਿੱਖਾਂ ਦੇ ਨਗਰਾਂ ਵਿਚ ਵੀ ਸਮਾਗਮ ਕੀਤੇ ਜਾਣਗੇ।
ਇਸ ਦੌਰਾਨ ਬੀਬੀ ਜਗੀਰ ਕੌਰ ਨੇ ਅੱਗੇ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੀ ਸ਼ਤਾਬਦੀ ਮੌਕੇ 21 ਫ਼ਰਵਰੀ 2021 ਨੂੰ ਸ੍ਰੀ ਅੰਮ੍ਰਿਤਸਰ ਤੋਂ ਇਲਾਵਾ ਸ਼ਹੀਦ ਭਾਈ ਲਛਮਣ ਸਿੰਘ ਨਾਲ ਸਬੰਧਤ ਨਗਰ ਵਿਖੇ ਵਿਸ਼ਾਲ ਸਮਾਗਮ ਕਰਨ ਦੇ ਨਾਲ-ਨਾਲ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੱਡਾ ਜਥਾ ਪਾਕਿਸਤਾਨ ਭੇਜਿਆ ਜਾਵੇਗਾ। ਇਸ ਜਥੇ ਵਿਚ ਬੀਬੀ ਜਗੀਰ ਕੌਰ ਵੀ ਜਾਣਗੇ।
ਦੱਸਣਯੋਗ ਹੈ ਕਿ 1920 ਈ ਤੋਂ 1925 ਈ ਦੌਰਾਨ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਹੇਠੋਂ ਆਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸਥਾਪਨਾ ਕੀਤੀ ਗਈ | ਇਸ ਲਹਿਰ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ। ਕਿਉਂਕਿ ਅਕਾਲੀਆਂ ਦੁਆਰਾ ਹੀ ਗੁਰਦੁਆਰਿਆਂ ਨੂੰ ਸੁਤੰਤਰ ਕਰਵਾਇਆ ਗਿਆ ਸੀ। ਸਿੱਖ ਗੁਰਧਾਮ ਸਮੁੱਚੀ ਮਨੁੱਖਤਾ ਨੂੰ ਅਗਵਾਈ ਦਿੰਦੇ ਹਨ ਅਤੇ ਸਿੱਖ ਆਪਣੇ ਗੁਰਧਾਮਾਂ ਦੀ ਬੇਅਦਬੀ ਕਦੇ ਵੀ ਬਰਦਾਸ਼ਤ ਨਹੀਂ ਕਰਦੇ। ਇਸੇ ਤਹਿਤ ਹੀ ਗੁਰਦੁਆਰਾ ਸੁਧਾਰ ਲਹਿਰ ਨੇ ਕਈ ਮੋਰਚੇ ਜਿੱਤੇ ਅਤੇ ਸਾਕਿਆਂ ਦੌਰਾਨ ਸ਼ਹਾਦਤਾਂ ਦਿੱਤੀਆਂ।