Shaheed Salim Khan laid to rest : ਭਾਰਤ-ਚੀਨ ਸਰਹੱਦ ਨੇੜੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਪਟਿਆਲਾ-ਬਲਬੇੜਾ ਰੋਡ ‘ਤੇ ਸਥਿਤ ਪਿੰਡ ਮਰਦਾਂਹੇੜੀ ਦੇ ਜਵਾਨ ਸਲੀਮ ਖ਼ਾਨ ਦੀ ਮ੍ਰਿਤਕ ਦੇਹ ਨੂੰ ਬੀਤੇ ਦਿਨ ਵਿਸ਼ੇਸ਼ ਜਹਾਜ਼ ਰਾਹੀਂ ਚੰਡੀਗੜ੍ਹ ਲਿਆਂਦਾ ਗਿਆ, ਜਿੱਥੋਂ ਉਸ ਦੇ ਜੱਦੀ ਪਿੰਡ ਮਰਦਾਂਹੇੜੀ ਲਿਆ ਕੇ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਅਤੇ ਨਮਾਜ-ਏ-ਜਨਾਜ਼ਾ ਅਦਾ ਕਰਨ ਤੋਂ ਬਾਅਦ ਪਿੰਡ ਦੇ ਕਬਰਿਸਤਾਨ ਵਿਖੇ ਸ਼ਹੀਦ ਦੀ ਦੇਹ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਮੌਕੇ ਸ਼ਹੀਦ ਦੀ ਮਾਤਾ ਨਸੀਮਾ ਬੇਗਮ, ਭੈਣ ਸੁਲਤਾਨਾ ਅਤੇ ਭਰਾ ਨਿਆਮਤ ਅਲੀ ਨੇ ਸ਼ਹੀਦ ਸਲੀਮ ਖ਼ਾਨ ਨੂੰ ਸਲਿਊਟ ਨਾਲ ਸਲਾਮੀ ਦੇ ਕੇ ਦੇਸ਼ ਦੇ ਇਸ ਬਹਾਦਰ ਸ਼ਹੀਦ ਦੀ ਕੁਰਬਾਨੀ ਨੂੰ ਸਜ਼ਦਾ ਕੀਤਾ। ਪਟਿਆਲਾ ਮਿਲਟਰੀ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਸ਼ਹੀਦ ਦੇ ਤਾਬੂਤ ‘ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਮਾਤਾ ਨੂੰ ਸੌਂਪਕੇ ਸਲਿਊਟ ਕੀਤਾ ਅਤੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ, ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ, ਭਾਰਤੀ ਫ਼ੌਜ ਦੇ ਮੁਖੀ ਵੱਲੋਂ ਪਟਿਆਲਾ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ, ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸਲੀਮ ਖਾਨ ਨੂੰ ਸਪੁਰਦ-ਏ-ਖ਼ਾਕ ਕਰਨ ਸਮੇਂ ਭਾਰਤੀ ਫੌਜ, ਪੰਜਾਬ ਸਰਕਾਰ, ਜ਼ਿਲ੍ਹਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਵੱਲੋਂ ਹਾਜ਼ਰ ਹੋਈਆਂ ਅਹਿਮ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਜਿਥੇ ਹੰਝੂਆਂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸੇ ਦੌਰਾਨ ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਵੱਲੋਂ ਉਨ੍ਹਾਂ ਦੇ ਨਿਜੀ ਸਕੱਤਰ ਸ੍ਰੀ ਬਲਵਿੰਦਰ ਸਿੰਘ ਨੇ ਰੀਥ ਰੱਖੀ। ਇਸ ਤੋਂ ਇਲਾਵਾ ਟੂ ਕੋਰ ਕਮਾਂਡਰ ਅੰਬਾਲਾ ਦੀ ਤਰਫ਼ੋਂ ਕਰਨਲ ਉਠੱਈਆ, ਵਨ ਆਰਮਡ ਡਵੀਜਨ ਪਟਿਆਲਾ ਦੇ ਜੀਓਸੀ ਦੀ ਤਰਫ਼ੋਂ ਮੇਜਰ ਬਰਿੰਦਰਜੀਤ ਸਿੰਘ, ਹੈਡ ਕੁਆਰਟਰ ਪੰਜਾਬ, ਹਰਿਆਣਾ ਹਿਮਾਚਲ ਦੀ ਤਰਫ਼ੋਂ ਸੂਬੇਦਾਰ ਮੇਜਰ ਆਰ.ਬੀ. ਸਿੰਘ ਅਤੇ ਸਟੇਸ਼ਨ ਕਮਾਂਡਰ ਪਟਿਆਲਾ ਦੀ ਤਰਫ਼ੋਂ ਸੂਬੇਦਾਰ ਰਣਜੀਤ ਭਾਰਤੀ ਨੇ ਰੀਥਾਂ ਰੱਖੀਆਂ।
ਜਿਕਰਯੋਗ ਹੈ ਕਿ ਸ਼ਹੀਦ ਸਲੀਮ ਖਾਨ ਦੇ ਪਿਤਾ ਮੰਗਲ ਦੀਨ ਨੇ ਵੀ ਭਾਰਤੀ ਫ਼ੌਜ ‘ਚ ਸੇਵਾ ਨਿਭਾਈ ਸੀ ਅਤੇ ਡਿਊਟੀ ਦੌਰਾਨ ਇੱਕ ਹਾਦਸੇ ਮਗਰੋਂ ਜਖ਼ਮੀ ਹੋਣ ਕਰਕੇ ਉਹ ਸੇਵਾ ਮੁਕਤ ਹੋ ਗਏ ਸਨ ਅਤੇ ਕਰੀਬ 18 ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਸਲੀਮ ਖ਼ਾਨ ਫਰਵਰੀ 2014 ਨੂੰ ਭਾਰਤੀ ਫ਼ੌਜ ਦੀ ਬੰਗਾਲ ਇੰਜੀਨੀਅਰ ਰੈਜੀਮੈਂਟ ‘ਚ ਭਰਤੀ ਹੋਇਆ ਸੀ। ਉਸ ਦੇ ਪਰਿਵਾਰ ਵਿਚ ਹੁਣ ਮਾਤਾ, ਇੱਕ ਭੈਣ ਸੁਲਤਾਨਾ ਅਤੇ ਇੱਕ ਭਰਾ ਨਿਆਮਤ ਅਲੀ ਸਮੇਤ ਹੋਰ ਪਰਿਵਾਰਕ ਮੈਬਰ ਹਨ। ਦੱਸਣਯੋਗ ਹੈ ਕਿ 24 ਸਾਲਾ ਸਲੀਮ ਖਾਨ ਭਾਰਤੀ ਫ਼ੌਜ ਦੀ 58 ਇੰਜੀਨੀਅਰ ਰੈਜੀਮੈਂਟ ’ਚ ਲਾਂਸ ਨਾਇਕ ਸੀ। ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ ਲਾਂਸ ਨਾਇਕ ਸਲੀਮ ਖ਼ਾਨ ਭਾਰਤੀ ਫ਼ੌਜ ਦੇ ਓਪਰੇਸ਼ਨ ਖੇਤਰ ਵਿੱਚ ਆਪਣੀ ਇੰਜੀਨੀਅਰਿੰਗ ਦੀ ਡਿਊਟੀ ਦੌਰਾਨ 26 ਜੂਨ ਨੂੰ ਬਾਅਦ ਦੁਪਹਿਰ ਕਰੀਬ 1.30 ਵਜੇ ਸ਼ਿਓਕ ਨਦੀ ਵਿੱਚ ਕਿਸ਼ਤੀ ਰਾਹੀਂ ਬਚਾਅ ਕਾਰਜਾਂ ਲਈ ਰੱਸੇ ਲਗਾਉਂਦੇ ਸਮੇਂ ਸਲੀਮ ਖ਼ਾਨ ਦੀ ਕਿਸ਼ਤੀ ਪਲਟ ਗਈ, ਜਿਸ ਵਿਚ ਉਹ ਸ਼ਹੀਦ ਹੋ ਗਿਆ।