ਅੰਮ੍ਰਿਤਸਰ : ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਨਵਾਂ ਬਣਿਆ ਅਕਾਲੀ ਦਲ ਤੇ ਬਸਪਾ ਦਾ ਗਠਜੋੜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਹੋਰ ਵੀ ਹਮਖਿਆਲੀ ਪਾਰਟੀਆਂ ਜਲਦੀ ਹੀ ਅਕਾਲੀ ਦਲ ਤੇ ਬਸਪਾ ਦੇ ਇਸ ਗਠਜੋੜ ਦਾ ਹਿੱਸਾ ਬਣਨਗੀਆਂ।
ਇਹ ਗੱਲ ਸ. ਬਿਕਰਮ ਸਿੰਘ ਮਜੀਠੀਆ ਨੇ ਇਥੇ ਮਜੀਠਾ ਹਲਕੇ ਦੇ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਲਈ 7 ਸੌ ਕੁਇੰਟਲ ਕਣਕ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਇਕ ਸਮਾਨ ਵਿਚਾਰਧਾਰਾ ਵਾਲੀਆਂ ਦੋ ਵੱਡੀਆਂ ਪਾਰਟੀਆਂ ਇਕ ਮੁਹਾਜ਼ ’ਤੇ ਇਕੱਠੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸਦਾ ਨਤੀਜਾ ਇਹ ਨਿਕੇਗਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਗਠਜੋੜ ਹੂੰਝਾ ਫੇਰ ਜਿੱਤ ਦਰਜ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਦੋ ਮਨਾਂ ਦਾ ਸੁਮੇਲ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਸੰਸਦ ਵਿਚ ਤਿੰਨ ਖੇਤੀ ਬਿੱਲਾਂ ਦਾ ਜ਼ੋਰਦਾਰ ਵਿਰੋਧ ਵੀ ਕੀਤਾ ਤੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਤਾਂ ਇਸ ਮਾਮਲੇ ਵਿਚ ਮੰਤਰੀ ਮੰਡਲ ਤੋਂ ਅਸਤੀਫਾ ਵੀ ਦੇ ਦਿੱਤਾ ਤੇ ਅਕਾਲੀ ਦਲ ਐਨ ਡੀ ਏ ਦੀ ਭਾਈਵਾਲੀ ਛੱਡ ਗਿਆ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਤੇ ਆਪ ਨੇ ਵਾਕ ਆਊਟ ਕਰਦਿਆਂ ਸਿਰਫ ਸੰਕੇਤਕ ਵਿਰੋਧ ਕੀਤਾ ਜਦਕਿ ਅਸਲ ਵਿਚ ਵਾਕ ਆਊਟ ਕਰ ਕੇ ਭਾਜਪਾ ਦਾ ਸਿੱਧੇ ਤੌਰ ’ਤੇ ਫਾਇਦਾ ਕੀਤਾ।
ਇਹ ਵੀ ਪੜ੍ਹੋ : ਦੁਖਦ ਖਬਰ : ਅਸਾਮ-ਚੀਨ ਬਾਰਡਰ ‘ਤੇ ਡਿਊਟੀ ਦੌਰਾਨ ਨੂਰਪੁਰ ਬੇਦੀ ਦੇ ਫੌਜੀ ਦੀ ਹੋਈ ਮੌਤ
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਕਿਸਾਨਾਂ ਦੇ ਨਾਲ ਨਾਲ ਦਲਿਤਾਂ ਤੇ ਮੁਲਾਜ਼ਮਾਂ ਜਿਨ੍ਹਾਂ ਨੂੰ ਕਾਂਗਰਸ ਸਰਕਾਰ ਨਿਸ਼ਾਨਾ ਬਣਾ ਰਹੀ ਹੈ, ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਵਾਸਤੇ ਵੀ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਕਿਹਾ ਕਿ ਅਸੀਂ ਆਉਂਦੇ ਦਿਨਾਂ ਵਿਚ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਸੰਘਰਸ਼ ਤੇਜ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਭ੍ਰਿਸ਼ਟ ਮੰਤਰੀਆਂ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਧਰਮਸੌਤ ਨੁੰ ਉਸਦੇ ਵਿਭਾਗ ਦੇ ਐਡੀਸ਼ਨਨ ਚੀਫ ਸੈਕਟਰੀ ਨੇ ਐਸ ਸੀ ਸਕਾਲਰਸ਼ਿਪ ਦੇ 65 ਕਰੋੜ ਰੁਪਏ ਦੇ ਘੁਟਾਂਲੇ ਦਾ ਦੋਸ਼ੀ ਠਹਿਰਾਇਆ ਹੈ, ਉਥੇ ਹੀ ਬਲਬੀਰ ਸਿੱਧੂ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਲਈ ਜ਼ਿੰਮੇਵਾਰ ਹਨ।
ਸ. ਮਜੀਠੀਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ਤੇ ਕੇਂਦਰ ਦੀ ਸਰਕਾਰ ਕਿਸਾਨਾਂ ਖਿਲਾਫ ਵਿਤਕਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਉਨ੍ਹਾਂ ਦੀ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ, ਉਥੇ ਹੀ ਪੰਜਾਬ ਸਰਕਾਰ ਵਾਰ ਵਾਰ ਡੀਜ਼ਲ ’ਤੇ ਵੈਟ ਵਿਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੁੰ ਸਿਰਫ ਵੈਟ ਵਿਚ ਵਾਧੇ ਤੋਂ 2000 ਕਰੋੜ ਰੁਪਏ ਦੀ ਵਾਧੂ ਆਮਦਨ ਹੋਈ ਹੈ। ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਵਿਚ ਕਿਸਾਨ ਝੌਨੇ ਦੇ ਮੌਜੂਦਾ ਸੀਜ਼ਨ ਵਿਚ ਲੇਬਰ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਰੇਲ ਸੇਵਾਵਾਂ ਠੱਪ ਪਈਆਂ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਪੰਜਾਬ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਝੋਨੇ ਦੀ ਲੁਆਈ ਵਾਸਤੇ ਲੇਬਰ ਮਿਲ ਸਕੇ। ਉਹਨਾਂ ਨੇ ਕਾਂਗਰਸ ਸਰਕਾਰ ਵੱਲੋਂ ਵਾਧੂ ਸਹੂਲਤਾਂ ਦੇ ਕੇ ਮਜ਼ਦੂਰਾਂ ਨੁੰ ਸੂਬੇ ਵਿਚ ਰੋਕਣ ਦਾ ਯਤਨ ਨਾ ਕਰਨ ਦੀ ਵੀ ਨਿਖੇਧੀ ਕੀਤੀ।
ਪੰਜਾਬ ਸਰਕਾਰ ਦੇ ਕੰਮਕਾਜ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਕਾਂਗਰਸ ਆਗੂ ਆਪ ਹੀ ਆਪਣੀ ਪਾਰਟੀ ਦੇ ਆਗੂਆਂ ਨੂੰ ਬੇਨਕਾਬ ਕਰ ਰਹੇ ਹਨ ਅਤੇ ਸੂਬੇ ਵਿਚ ਆਪਣੇ ਸਾਥੀਆਂ ਨਾਲ ਰਲ ਕੇ ਭ੍ਰਿਸ਼ਟ ਗਤੀਵਿਧੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੀਨੀਅਰ ਕਾਂਗਰਸੀ ਆਗੂਆਂ ਦੇ ਖਿਲਾਫ ਪੁਲੰਦਾ ਹਾਈ ਕਮਾਂਡ ਨੂੰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਭ ਤੋਂ ਕਾਂਗਰਸ ਸਰਕਾਰ ਦਾ ਭ੍ਰਿਸ਼ਟਾਚਾਰ ਤੇ ਘੁਟਾਲੇ ਬੇਨਕਾਬ ਹੁੰਦੇ ਹਨ ਜਦਕਿ ਅਕਾਲੀ ਦਲ ਤੇ ਬਸਪਾ ਦੇ ਫਰੰਟ ਵਿਚ ਲੋਕ ਵਿਸ਼ਵਾਸ ਪ੍ਰਗਟ ਕਰਨਗੇ।
ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਰੋਕਿਆ ਅੰਤਿਮ ਸੰਸਕਾਰ, ਸਰਕਾਰ ਅੱਗੇ ਰੱਖੀ ਵੱਡੀ ਮੰਗ