Shiv Sena Nishant Sharma : ਮੁਹਾਲੀ : ਖਰੜ ਪੁਲਿਸ ਨੇ ਸ਼ਿਵ ਸੇਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਉਸ ਦੇ ਸਾਥੀ ਅਰਵਿੰਦ ਗੌਤਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਵੀਡੀਓ ਜਾਰੀ ਕਰਕੇ ਇੱਕ ਵਿਸ਼ੇਸ਼ ਭਾਈਚਾਰੇ ਖਿਲਾਫ ਭੜਕਾਊ ਭਾਸ਼ਣ ਦੇਣ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਉਸ ਦੇ ਨਾਲ ਨਾਮਜ਼ਦ ਦੂਜੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਪੁਲਿਸ ਨੇ ਬੀਤੇ ਦਿਨ ਨਿਸ਼ਾਂਤ ਸ਼ਰਮਾ ਸਣੇ 36 ਵਿਅਕਤੀਆਂ ਖਿਲਾਫ ਦੇਸ਼ ਧ੍ਰੋਹ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਇਕ ਵਾਇਰਲ ਹੋਈ ਵੀਡੀਓ ਦੇ ਅਧਾਰ ‘ਤੇ ਕੀਤੀ ਗਈ ਹੈ। ਦੋਸ਼ੀ ਖਿਲਾਫ ਥਾਣਾ ਖਰੜ ਵਿਖੇ ਕੇਸ ਦਰਜ ਕੀਤਾ ਗਿਆ ਹੈ। ਅੱਜ ਨਿਸ਼ਾਂਤ ਤੇ ਉਸ ਦੇ ਸਾਥੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਮੁਲਾਤਬਕ ਇਕ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਸ਼ਿਵ ਸੇਨਾ ਹਿੰਦ ਦੇ ਮੁਖੀ ਨਿਸ਼ਾਂਤ ਸ਼ਰਮਾ ਆਪਣੇ ਹੋਰ ਸਾਥੀਆਂ ਨਾਲ ਮਿਲ ਰਹੇ ਸਨ। ਮੀਟਿੰਗ ਵਿੱਚ ਅਦਾਰਿਆਂ ਦੇ ਬਹੁਤ ਸਾਰੇ ਮੈਂਬਰ ਅਤੇ ਸਮਰਥਕ ਮੌਜੂਦ ਸਨ। ਵੀਡੀਓ ਵਿਚ ਨਿਸ਼ਾਂਤ ਸ਼ਰਮਾ ਨੇ ਇਕ ਖ਼ਾਸ ਧਰਮ ਦੇ ਲੋਕਾਂ ‘ਤੇ ਟਿੱਪਣੀ ਕਰਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਵੀਡੀਓ ਵਿੱਚ ਉਸਨੇ ਕਿਹਾ ਕਿ ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ ਹਨ। ਉਹ ਆਪਣੇ ਧਰਮ ਦੇ ਲੋਕਾਂ ਨੂੰ ਹਥਿਆਰ ਚੁਕਵਾਏਗਾ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ। ਪੁਲਿਸ ਮੁਤਾਬਕ ਸ਼ਿਵ ਸੈਨਾ ਦੇ ਰਾਸ਼ਟਰੀ ਮੁਖੀ ਨਿਸ਼ਾਂਤ ਨੇ ਦੇਸ਼ ਵਿੱਚ ਦੰਗੇ ਭੜਕਾਉਣ, ਹਫੜਾ-ਦਫੜੀ ਮਚਾਉਣ ਅਤੇ ਇੱਕ ਧਾਰਮਿਕ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।