Shiv Sena Punjab website : ਪਾਕਿਸਤਾਨ ਵੱਲੋਂ ਸ਼ਿਵ ਸੈਨਾ ਪੰਜਾਬ ਦੀ ਅਧਿਕਾਰਤ ਵੈੱਬਸਾਈਟ ਨੂੰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਸਾਈਟ ਪਾਕਿਸਤਾਨ ਦਾ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਹੈਕਰਾਂ ਨੇ ਵੈੱਬਸਾਈਟ ’ਤੇ ਇਕ ਸੰਦੇਸ਼ ਲਿਖ ਕੇ ਦੇਸ਼ ਦੀ ਫੌਜ ਨਾਲ ਨਜਿੱਠਣ ਦੀ ਧਮਕੀ ਵੀ ਦਿੱਤੀ ਹੈ। ਇਸ ਬਾਰੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਦੱਸਿਆ ਕਿ ਹੈਕ ਕੀਤੇ ਪੇਜ ’ਤੇ ਇੰਡੀਆ ਦੇ ਕ੍ਰੈਸ਼ ਕਿਸੇ ਜਹਾਜ਼ ਦੇ ਮਲਬੇ ’ਤੇ ਕੁਝ ਪਾਕਿਸਤਾਨੀ ਨੌਜਵਾਨ ਪੈਰ ਰਖ ਕੇ ਖੜ੍ਹੇ ਹਨ ਅਤੇ ਸਾਡੇ ਵੀਰ ਨੌਜਵਾਨ ਅਭਿਨੰਦਨ ਨਾਲ ਮਾਰਕੁੱਟ ਕਰਕੇ ਲਿਜਾਂਦੇ ਤੇ ਜ਼ਖਮੀ ਹਾਲਤ ਦੀਆਂ ਤਸਵੀਰਾਂ ਵੀ ਲਗਾਈਆਂ ਹਨ।
ਦੱਸਣਯੋਗ ਹੈ ਕਿ ਸੰਜੀਵ ਘਨੌਲੀ ਨੇ ਸਾਈਟ ਦਾ ਸਕ੍ਰੀਨਸ਼ਾਟ ਲੈ ਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਐਸਐਸਪੀ ਦੇ ਧਿਆਨ ਵਿਚ ਲਿਆਂਦਾ ਹੈ, ਜਿਸ ਤੋਂ ਬਾਅਦ ਸਾਈਬਰ ਸੈੱਲ ਵੱਲੋਂ ਇਹ ਸੰਦੇਸ਼ ਹਟਾ ਦਿੱਤਾ ਗਿਆ ਪਰ ਥੋੜ੍ਹੀ ਹੀ ਦੇਰ ਬਾਅਦ ਉਹੀ ਸੰਦੇਸ਼ ਮੁੜ ਦਿਖਾਈ ਦੇਣ ਲੱਗਾ। ਇਸ ਬਾਰੇ ਸੰਜੀਵ ਘਨੌਲੀ ਅਤੇ ਚੇਅਰਮੈਨ ਰਾਜੀਵ ਟੰਡਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਸ਼ਿਵ ਸੈਨਾ ਨੇਤਾਵਾਂ ਨੇ ਕਿਹਾ ਕਿ ਬਲੋਚਿਸਤਾਨ ਨੂੰ ਲੈ ਕੇ ਫੌਜ ਦੇ ਕਿਸੇ ਮੇਜਰ ਨੂੰ ਧਮਕੀ ਦਿੱਤੀ ਗਈ ਹੈ। ਧਮਕੀ ਵਿਚ ਕਿਹਾ ਗਿਆ ਹੈ ਕਿ ਕਾਰਗਿਲ ਦੌਰਾਨ ਪੌਜ ਦੇ ਮ੍ਰਿਤਕਾਂ ਨੂੰ ਲੱਕੜ ਕਰ ਨਹੀਂ ਮਿਲੀ ਸੀ, ਜੇਕਰ ਹੁਣ ਕੁਝ ਹੋਇਆ ਤਾਂ ਜ਼ਮੀਨ ਨਹੀਂ ਮਿਲੇਗੀ। ਇਸ ਦੇ ਹੇਠਾਂ ਪਾਕਿਸਤਾਨ ਜ਼ਿੰਦਾਬਾਦ, ਮੇਜਰ ਬਿਲਾਲ (ਟੀਮ ਪੀਸੀਈ) ਲਿਖਿਆ ਹੈ ਅਤੇ ਹੇਠਾਂ ਲਿਖਿਆ ਹੈ Catch if you can at hotmail.com ਸੰਜੀਵ ਘਨੌਲੀ ਤੇ ਰਾਜੀਵ ਟੰਡਨ ਨੇ ਕਿਹਾ ਕਿ ਇਸ ਮਾਮਲੇ ਦੀ ਕੇਂਦਰੀ ਏਜੰਸੀਆਂ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।