Siblings jumped into the canal : ਪਟਿਆਲਾ ਵਿਚ ਆਰਥਿਕ ਤੰਗੀ ਤੇ ਮਾਪਿਆਂ ਦੀ ਮੌਤ ਕਾਰਨ ਤਣਾਅ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਜੌੜੇ ਭਰਾ-ਭੈਣ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਘਟਨਾ ਵਿਚ ਭਰਾ ਦੀ ਤਾਂ ਮੌਤ ਹੋ ਗਈ, ਜਦਕਿ ਭੈਣ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸੰਬਧਤ ਥਾਣਾ ਤ੍ਰਿਪੜੀ ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਿਊ ਮੇਹਰ ਸਿੰਘ ਕਾਲੋਨੀ ਵਿਚ ਰਹਿਣ ਵਾਲੇ 31 ਸਾਲਾ ਗਗਨਦੀਪ ਅਤੇ ਉਸ ਦੀ ਜੁੜਵਾਂ ਭੈਣ ਗਗਨਵੀਰ ਕੌਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਲਗਭਗ 12 ਵਜੇ ਪਿੰਡ ਸਿੱਧੂਵਾਲ ਦੇ ਕੋਲ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਜਿਵੇਂ ਹੀ ਗੋਤਾਖੋਰਾਂ ਨੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਨਹਿਰ ਵਿਚ ਜਾ ਕੇ ਭੈਣ ਨੂੰ ਤਾਂ ਬਾਹਰ ਕੱਢ ਲਿਆ ਪਰ ਉਸ ਦੇ ਭਰਾ ਨੂੰ ਬਚਾਇਆ ਨਹੀਂ ਜਾ ਸਕਿਆ। ਭਰਾ ਪਾਣੀ ਦੇ ਵਹਾਅ ਨਾਲ ਕਾਫੀ ਅੱਗੇ ਨਿਕਲ ਗਿਆ ਸੀ, ਜਿਸ ਦੀ ਲਾਸ਼ ਪਿੰਡ ਅਵਲੋਬਾਲ ਦੇ ਨੇੜੇ ਨਹਿਰ ਤੋਂ ਕੱਢੀ ਗਈ।
ਪੁਲਿਸ ਮੁਤਾਬਕ ਇਨ੍ਹਾਂ ਜੌੜੇ ਭਰਾ-ਭੈਣ ਦੇ ਪਿਤਾ ਦੀ ਕੈੰਸਰ ਨਾਲ ਕਈ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ, ਜਦਕਿ ਇਨ੍ਹਾਂ ਦੀ ਮਾਂ ਵੀ ਕੈਂਸਰ ਨਾਲ ਲਗਬਗ ਚਾਰ ਮਹੀਨੇ ਪਹਿਲਾਂ ਦਮ ਤੋੜ ਗਈ। ਬੀਮਾਰੀ ਵਿਚ ਕਾਫੀ ਪੈਸਾ ਖਰਚ ਹੋਣ ਕਾਰਨ ਘਰ ਵਿਚ ਆਰਥਿਕ ਤੰਗੀ ਸੀ ਅਤੇ ਉਪਰੋਂ ਇਕੱਲੇ ਹੋਣ ਕਾਰਨ ਦੋਵੇਂ ਭਰਾ-ਭੈਣ ਕਾਫੀ ਤਣਾਅ ਵਿਚ ਆ ਗਏ ਸਨ। ਇਸ ਕਾਰਨ ਸ਼ੁੱਕਰਵਾਰ ਨੂੰ ਦੋਵਾਂ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਫਿਲਹਾਲ ਲੜਕੀ ਬੇਹੋਸ਼ ਹੈ, ਜਿਸ ਦੇ ਹੋਸ਼ ਵਿਚ ਆਉਣ ਤੋਂ ਬਾਅਦ ਉਸ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੋਵਾਂ ਦੇ ਰਿਸ਼ਤੇਦਾਰਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।