Sidhu speak on Delhi violence : ਜਲੰਧਰ : ਜਿਥੇ ਮੰਗਲਵਾਰ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਮੰਨਣਯੋਗ ਕਰਾਰ ਦਿੱਤਾ ਹੈ, ਉਥੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਆਗੂ ਇਸ ਬਾਰੇ ਗੋਲਮੋਲ ਗੱਲਾਂ ਨਾਲ ਪ੍ਰਤੀਕ੍ਰਿਆ ਦੇ ਰਹੇ ਹਨ। ਇਨ੍ਹਾਂ ਵਿਚੋਂ ਇਕ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੈ, ਜੋ ਅਕਸਰ ਵਿਵਾਦਾਂ ਵਿਚ ਰਹਿੰਦੇ ਹੈ। ਉਨ੍ਹਂ ਨੇ ਫਿਰ ਕੈਪਟਨ ਦੇ ਉਲਟ ਆਪਣਾ ਵੱਖਰਾ ਸੁਰ ਛੇੜਿਆ ਹੈ।
ਨਵਜੋਤ ਸਿੰਘ ਨੇ ਲਾਲ ਕਿਲਾ ਅਤੇ ਦਿੱਲੀ ਦੇ ਹੋਰ ਹਿੱਸਿਆਂ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਤੋਂ ਬਾਅਦ ਕੇਂਦਰ ਸਰਕਾਰ ਨੂੰ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਇਤਿਹਾਸ ਤੋਂ ਆਪਣੇ ਸਬਕ ਨਹੀਂ ਸਿੱਖਦੇ, ਤਾਂ ਇਹ ਆਪਣੇ ਆਪ ਨੂੰ ਦੁਹਰਾਉਂਦਾ ਹੈ … ਇਤਿਹਾਸ ਸਾਨੂੰ ਦੱਸਦਾ ਹੈ ਕਿ ਕਿਸਾਨਾਂ ਖਿਲਾਫ ਕੋਈ ਵੀ ਸਰਕਾਰ ਕਦੇ ਨਹੀਂ ਜਿੱਤ ਸਕੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ‘ਆਪ’ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ‘ਆਪ’ ਹਿੰਸਾ ਦੀ ਸਖਤ ਨਿੰਦਾ ਕਰਦੀ ਹੈ। ਇਹ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਹਾਲਾਤ ਨੂੰ ਇਸ ਹੱਦ ਤਕ ਖ਼ਰਾਬ ਹੋਣ ਦਿੱਤਾ। ਅੰਦੋਲਨ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਰਿਹਾ ਹੈ। ਕਿਸਾਨੀ ਨੇਤਾਵਾਂ ਨੇ ਕਿਹਾ ਹੈ ਕਿ ਜੋ ਹਿੰਸਾ ਵਿੱਚ ਸ਼ਾਮਲ ਸਨ ਉਹ ਅੰਦੋਲਨ ਦਾ ਹਿੱਸਾ ਨਹੀਂ ਸਨ, ਬਲਕਿ ਬਾਹਰੀ ਤੱਤ ਸਨ। ਉਹ ਜੋ ਵੀ ਹਨ, ਦਿੱਲੀ ਵਿਚ ਹੋਈ ਹਿੰਸਾ ਨੇ ਨਿਸ਼ਚਤ ਰੂਪ ਨਾਲ ਅੰਦੋਲਨ ਨੂੰ ਕਮਜ਼ੋਰ ਕਰ ਦਿੱਤਾ ਹੈ। ਇਹ ਹੁਣ ਤੱਕ ਸ਼ਾਂਤਮਈ ਅਤੇ ਅਨੁਸ਼ਾਸਤ ਢੰਗ ਨਾਲ ਚੱਲ ਰਿਹਾ ਸੀ। ਦੱਸ ਦਈਏ ਕਿ ਮੰਗਲਵਾਰ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਦਿੱਲੀ ਪੁਲਿਸ ਦੀ ਸਹਿਮਤੀ ਨਾਲ ਟਰੈਕਟਰ ਰੈਲੀ ਕੱਢ ਰਹੇ ਸਨ। ਇਸ ਸਮੇਂ ਦੌਰਾਨ ਭੀੜ ਬੇਕਾਬੂ ਹੋ ਗਈ। ਵੱਡੀ ਗਿਣਤੀ ਵਿਚ ਲੋਕ ਲਾਲ ਕਿਲ੍ਹੇ ਵਿਚ ਪਹੁੰਚੇ। ਇਸ ਦੌਰਾਨ ਕਈ ਥਾਵਾਂ ‘ਤੇ ਹਿੰਸਾ ਕੀਤੀ ਗਈ। ਅਨਸਰਾਂ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡਾਂ ਨੂੰ ਤੋੜਿਆ। ਬੱਸਾਂ ਨੂੰ ਅੱਗ ਲਗਾ ਕੇ ਨੁਕਸਾਨ ਵੀ ਪਹੁੰਚਾਇਆ ਗਿਆ ਹੈ।