ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਇਕ ਵਾਰ ਫਿਰ ਬਲਾਤਕਾਰ ਦਾ ਦੋਸ਼ ਲੱਗੇ ਹਨ। ਇਕ ਔਰਤ ਨੇ ਈਮੇਲ ਰਾਹੀਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸ਼ਿਕਾਇਤ ਭੇਜੀ ਹੈ, ਜਿਸ ਨੂੰ ਜਾਂਚ ਲਈ ਥਾਣਾ ਸ਼ਿਮਲਾਪੁਰੀ ਭੇਜਿਆ ਗਿਆ ਹੈ।
ਸ਼ਿਕਾਇਤ ਵਿਚ ਪੀੜਤਾ ਨੇ ਬੈਂਸ ’ਤੇ ਪਿਛਲੇ ਪੰਜ ਸਾਲਾਂ ਦੌਰਾਨ ਕੋਟਮੰਗਲ ਸਿੰਘ ਸਥਿਤ ਆਪਣੇ ਦਫ਼ਤਰ ਅਤੇ ਫਾਰਮ ਹਾਊਸ ਵਿਖੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਔਰਤ ਨੇ ਆਪਣੀ ਪਛਾਣ ਜ਼ਾਹਰ ਹੋਣ ‘ਤੇ ਜਾਨ-ਮਾਲ ਦੇ ਨੁਕਸਾਨ ਦਾ ਵੀ ਖਦਸ਼ਾ ਜ਼ਾਹਰ ਕੀਤਾ ਹੈ।
ਦੂਜੇ ਪਾਸੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਸਾਰੇ ਦੋਸ਼ਾਂ ਨੂੰ ਜ਼ੋਰਦਾਰ ਢੰਗ ਨਾਲ ਨਕਾਰਿਆ ਅਤੇ ਇਸ ਨੂੰ ਵਿਰੋਧੀਆਂ ਦੁਆਰਾ ਆਪਣੇ ਵਿਰੁੱਧ ਸਾਜਿਸ਼ ਕਰਾਰ ਦਿੱਤਾ। ਬੈਂਸ ਨੇ ਕਿਹਾ ਕਿ ਪਹਿਲਾਂ ਤੇ ਹੁਣ ਲੱਗੇ ਦੋਸ਼ਾਂ ਵਿੱਚ ਉਨ੍ਹਾਂ ਵਿਅਕਤੀਆਂ ਦਾ ਹੀ ਹੱਥ ਹੈ, ਜਿਨ੍ਹਾਂ ਨੇ ਪੂਰੀ ਘਟਨਾ ਨੂੰ ਸਪਾਂਸਰ ਕੀਤਾ, ਪਰ ਹੁਣ ਪਾਣੀ ਸਿਰ ਤੋਂ ਉੱਪਰ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਉਹ ਡੀਜੀਪੀ ਪੰਜਾਬ ਤੱਕ ਪਹੁੰਚ ਕਰਨਗੇ ਅਤੇ ਮੁਲਜ਼ਮ ਖ਼ਿਲਾਫ਼ ਸਬੂਤ ਦੇਣਗੇ।
ਉਨ੍ਹਾਂ ਇਸ ਮਾਮਲੇ ਵਿਚ ਇਕ ਸਥਾਨਕ ਕਾਂਗਰਸੀ ਨੇਤਾ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਲਜ਼ਾਮਾਂ ਰਾਹੀਂ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਲੋਕਾਂ ਦੇ ਮਨਾਂ ਵਿਚ ਜਗ੍ਹਾ ਬਣਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨਾਲ ਕਿਸੇ ਵੀ ਗਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸੀਟ ਸੈਂਟਰ ਘਪਲੇ ਵਿੱਚ ਹਾਈ ਕੋਰਟ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲੜ ਰਹੇ ਹਨ। ਉਨ੍ਹਾਂ ਨੇ ਭਾਜਪਾ ਨਾਲ ਸਬੰਧਾਂ ਨੂੰ ਵੀ ਨਕਾਰ ਦਿੱਤਾ। ਬੈਂਸ ਨੇ ਕਿਹਾ ਕਿ ਬਹੁਤ ਸਾਰੇ ਲੋਕ ਆਪਣੇ ਦੁੱਖ ਅਤੇ ਸਮੱਸਿਆਵਾਂ ਨਾਲ ਉਸ ਦੇ ਦਫਤਰ ਆਉਂਦੇ ਹਨ ਅਤੇ ਉਹ ਹਰ ਕਿਸੇ ਦੀ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸਿਖਾਇਆਂ ਜਾ ਸਕਦੀਆਂ ਹਨ ਵਿਦੇਸ਼ੀ ਭਾਸ਼ਾਵਾਂ
ਪਾਰਟੀ ਦੇ ਕਾਨੂੰਨੀ ਵਿੰਗ ਦੇ ਮੁਖੀ ਮਨਵੀਰ ਸਿੰਘ ਨੇ ਔਰਤ ਬਾਰੇ ਕਈ ਸਬੂਤ ਹੋਣ ਦਾ ਦਾਅਵਾ ਕੀਤਾ ਅਤੇ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਲੜਨ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਔਰਤ ਨੇ ਬੈਂਸ ਖਿਲਾਫ ਬਲਾਤਕਾਰ ਦੇ ਕਥਿਤ ਦੋਸ਼ ਲਗਾਏ ਸਨ, ਜਿਸ ਵੱਲੋਂ ਹਾਈਕੋਰਟ ਵਿੱਚ ਇਕ ਰਿੱਟ ਦਾਇਰ ਕੀਤੀ ਗਈ ਸੀ ਅਤੇ ਉਹ ਲਗਾਤਾਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾ ਰਹੀ ਹੈ। ਜਿਸ ਦੇ ਸਮਰਥਨ ਵਿੱਚ ਅਕਾਲੀ ਦਲ ਦੇ ਹਰੀਸ਼ ਰਾਏ ਢਾਂਡਾ ਅਤੇ ਹੋਰ ਆਗੂਆਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ।