Sirsa demands action against : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੋਲਕਾਤਾ ਵਿੱਚ ਇੱਕ ਸਿੱਖ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ ਕਰਕੇ ਉਸ ਦੀ ਪੱਗ ਹਟਾਉਣ ਦੇ ਮਾਮਲੇ ’ਤੇ ਗੰਭੀਰ ਨੋਟਿਸ ਲੈਂਦਿਆਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਘਟਾ ਪਿੱਛੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਲ ਵਾਰ ਕੇ ਸਾਨੂੰ ਦਿੱਤੀ ਹੈ, ਇਸੇ ਦਸਤਾਰ ਨੂੰ ਪਾ ਕੇ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਫਾਂਸੀ ਦਾ ਫੰਦਾ ਲਗਾਇਆ ਅਤੇ ਇਸੇ ਦਸਤਾਰ ਨਾਲ ਜਗਜੀਤ ਸਿੰਘ ਅਰੋੜਾ ਨੇ 90 ਹਜ਼ਾਰ ਪਾਕਿਸਤਾਨੀ ਫੌਜੀਆਂ ਨੂੰ ਸਰੈਂਡਰ ਕਰਵਾਇਆ। ਬੰਗਾਲ ਪੁਲਿਸ ਵੱਲੋਂ ਇਸ ਤਸਤਾਰ ਦੀ ਇਸ ਤਰੀਕੇ ਨਾਲ ਪੇਅਦਬੀ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਧਇਕਾਰੀਆਂ ‘ਤੇ ਧਾਰਾ 295 ਏ ਅਧੀਨ ਕੇਸ ਦਰਜ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਬਲਵਿੰਦਰ ਸਿੰਘ ਨੂੰ ਤੁਰੰਤ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾਵੇ। ਸਿਰਸਾ ਨੇ ਬੰਗਾਲ ਦੀ ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਸਿੱਖ ਇਸ ਮਸਲੇ ‘ਤੇ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਗੱਲ ‘ਤੇ ਹੈਰਾਨੀ ਹੈ ਕਿ ਸਿੱਖ ਨੂੰ ਨਿਆਂ ਦੇਣ ਦੀ ਬਜਾਏ ਉਸ ਨੂੰ ਤਿੰਨ ਦਿਨ ਦੀ ਪੁਲਿਸ ਕਸਟੱਡੀ ਵਿੱਚ ਭੇਜਣਾ ਬਹੁਤ ਹੀ ਸ਼ਰਮਨਾਕ ਹੈ।
ਦੱਸਣਯੋਗ ਹੈ ਕਿ ਬੰਗਾਲ ਦੇ ਭਾਜਪਾ ਨੇਤਾ ਪ੍ਰਿਅੰਗੂ ਪਾਂਡੇ ਦੀ ਸੁਰੱਖਿਆ ਹੇਠ ਤਾਇਨਾਤ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੋਲਕਾਤਾ ਪੁਲਿਸ ਇਸ ਸੁਰੱਖਿਆ ਕਰਮਚਾਰੀਆਂ ਨੂੰ ਕੁੱਟਦੀ ਦਿਖਾਈ ਦੇ ਰਹੀ ਹੈ, ਜਿਸ ਦੌਰਾਨ ਉਸਦੀ ਪੱਗ ਦੀ ਬੇਅਦਬੀ ਕਰਦਿਆਂ ਇਸ ਨੂੰ ਖੋਲ੍ਹ ਦਿੱਤਾ ਗਿਆ। ਇਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਦੇ ਚੱਲਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।