Sirsa speaks on NIA notice : ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਕਿਸਾਨ ਆਗੂ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਹ ਸੰਸਥਾ ਕਿਸਾਨਾਂ ਦੀ ਤਰਫੋਂ ਸਰਕਾਰ ਨਾਲ ਗੱਲਬਾਤ ਵਿੱਚ ਸ਼ਾਮਿਲ ਹੈ। ਬਲਦੇਵ ਸਿੰਘ ਸਿਰਸਾ ਤੋਂ ਵੱਖਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਇੱਕ ਆਗੂ ਖ਼ਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾਏਗੀ। ਇਸ ਸੰਬੰਧੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸਿਰਸਾ ਨੇ ਕਿਹਾ ਕਿ ਸਰਕਾਰ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ।
ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨ ਸੰਘਰਸ਼ ਨੂੰ ਲੀਂਹੋਂ ਲਾਹੁਣ ਲਈ ਬਹੁਤ ਕੁਝ ਕਰ ਰਹੀ ਹੈ ਤੇ ਹੁਣ ਕਿਸਾਨਾਂ ’ਤੇ ਦਬਾਅ ਬਣਾਉਣ ਦਾ ਉਨ੍ਹਾਂ ਨੇ ਨਵਾਂ ਰਾਹ ਲੱਭਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੁਦ ਤਾਂ ਕਿਸਾਨਾਂ ਸਾਹਮਣੇ ਜਵਾਬ ਨਹੀਂ ਦੇ ਸਕਦੀ ਤੇ ਪਹਿਲਾਂ ਅਦਾਲਤ ਸੁਪਰੀਮ ਕੋਰਟ ਰਾਹੀਂ ਅਤੇ ਹੁਣ ਐਨ.ਆਈ.ਏ. ਰਾਹੀਂ ਦਬਾਅ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਇਲਾਵਾ ਵੀ ਕਿਸਾਨ ਸੰਘਰਸ਼ ਨਾਲ ਜੁੜੇ ਵੱਖ-ਵੱਖ ਲੋਕਾਂ ਨੂੰ ਐਨ.ਆਈ. ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਭ ਸਰਕਾਰ ਕਿਸਾਨ ਅੰਦੋਲਨ ਨੂੰ ਦਬਾਉਣ ਤੇ ਬਦਨਾਮ ਕਰਨ ਲਈ ਕਰ ਰਹੀ ਹੈ। ਉਹ ਅੰਦੋਲਨ ਨੂੰ ਅਸਫਲ ਕਰਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਐਨਆਈਏ ਵੱਲੋਂ ਕਈ ਕਿਸਾਨ ਨੇਤਾਵਾਂ ਅਤੇ ਬ੍ਰਿਟੇਨ ਦੇ ਇੱਕ ਪੰਜਾਬੀ ਨਿਊਜ਼ ਚੈਨਲ ਨਾਲ ਜੁੜੇ ਪੱਤਰਕਾਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਸ ਵਿੱਚ ਬ੍ਰਿਟੇਨ ਦੇ ਇੱਕ ਪੰਜਾਬੀ ਚੈਨਲ ਦਾ ਇੱਕ 30 ਸਾਲਾ ਪੱਤਰਕਾਰ ਜਸਵੀਰ ਸਿੰਘ ਵੀ ਸ਼ਾਮਲ ਹੈ, ਜੋਕਿ ਦਿੱਲੀ ਸਰਹੱਦ ‘ਤੇ ਕਿਸਾਨਾਂ ਅੰਦੋਲਨ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਰਿਹਾ ਹੈ। ਇਨ੍ਹਾਂ ਨੂੰ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐਨਆਈਏ) ਵੱਲੋਂ 15 ਦਸੰਬਰ ਨੂੰ ਦਰਜ ਹੋਏ ਇੱਕ ਕੇਸ ਵਿੱਚ 18 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।