Sirsa Warned Mamta : ਨਵੀਂ ਦਿੱਲੀ : ਪੱਛਮੀ ਬੰਗਾਲ ਵਿੱਚ ਕੋਲਕਾਤਾ ਵਿੱਚ ਸਿੱਖ ਬਲਵਿੰਦਰ ਸਿੰਘ ਨਾਲ ਮਾਰਕੁੱਟ ਕਰਨ ਅਤੇ ਉਸ ਦੀ ਪੱਗ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਬਲਵਿੰਦਰ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮਮਤਾ ਬੈਨਰਜੀ ਨੇ ਸਾਡੀ ਗੱਲ ਨਹੀਂ ਮੰਨੀ ਤਾਂ ਅਸੀਂ ਸੜਕਾਂ ਤੇ ਉਤਰਣ ਲਈ ਮਜਬੂਰ ਹੋਵਾਂਗੇ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਕੋਲਕਾਤਾ ਪੁਲਿਸ ਨੇ ਸ. ਬਲਵਿੰਦਰ ਸਿੰਘ ’ਤੇ ਬਹੁਤ ਤਸ਼ੱਦਦ ਕੀਤਾ ਹੈ। ਬਲਵਿੰਦਰ ਸਿੰਘ ਪੈਰਾ ਮਿਲਟਰੀ ਫੋਰਸ ਦਾ ਜਾਂਬਾਜ਼ ਹੈ, ਜਿਸ ਨੇ ਜੰਮੂ-ਕਸ਼ਮੀਰ ਤੇ ਐਨਐਸਜੀ ਵਿਚ ਸੇਵਾਵਾਂ ਦਿੱਤੀਆਂ ਹਨ। ਇੱਕ ਫੌਜੀ ਜਿਸ ਨੇ ਦੇਸ਼ ਵਾਸਤੇ ਲੜਾਈ ਲੜੀ, ਕੋਲਕਾਤਾ ਪੁਲਿਸ ਨੇ ਇਸ ਉਪਰ ਹੀ ਕੇਸ ਦਰਜ ਕਰ ਦਿੱਤਾ ਅਤੇ ਉਸ ਨੂੰ ਹਵਾਲਾਤ ਵਿਚ ਰੱਖਿਆ ਹੈ, ਜੋਕਿ ਬਹੁਤ ਹੀ ਸ਼ਰਮਨਾਕ ਹੈ।
ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਹੈ ਕਿ ਜੰਮੂ-ਕਸ਼ਮੀਰ ਵਿੱਚ ਬਣਿਆ ਉਸ ਦਾ ਹਥਿਆਰ ਲਾਇਸੰਸ ਪ੍ਰਾਪਤ ਹੈ, ਜੋਕਿ ਕੋਲਾਕਾਤਾ ਵਿੱਚ ਵੀ ਰਜਿਸਟਰ ਕਰਵਾਇਆ ਗਿਆ ਹੈ ਪਰ ਇਸਦੇ ਬਾਵਜੂਦ ਪੁਲਿਸ ਨੇ ਉਸ ’ਤੇ ਕੇਸ ਦਰਜ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਬਲਵਿੰਦਰ ਸਿੰਘ ਨੂੰ ਇਨਸਾਫ ਦਿੱਤਾ ਜਾਵੇ। ਉਹਨਾਂ ਖਿਲਾਫ ਕੇਸ ਖਾਰਜ ਕੀਤਾ ਜਾਵੇ ਤੇ ਉਹਨਾਂ ਤੇ ਅਤਿਆਚਾਰ ਢਾਹੁਣ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਉਹਨਾਂ ਲਈ ਲੜਾਈ ਲੜਾਂਗੇ, ਲੋੜ ਪੈਣ ਤੇ ਕੋਲਕਾਤਾ ਵੀ ਜਾਵਾਂਗੇ ਅਤੇ ਇਨਸਾਫ ਜਰੂਰ ਦੁਆਵਾਂਗੇ।