SIT interrogates 26 Security Guards : 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਦੋਸ਼ੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਐਸਆਈਟੀ ਟੀਮ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਇਸੇ ਅਧੀਨ ਐੱਸਆਈਟੀ ਨੇ ਸੈਣੀ ਨਾਲ ਤਾਇਨਾਤ 26 ਸਕਿਉਰਟੀ ਗਾਰਡ ਤੋਂ ਪੁੱਛ-ਗਿੱਛ ਕੀਤੀ ਹੈ। ਇਸ ਵਿੱਚ ਸਾਹਮਣੇ ਆਇਆ ਹੈ ਕਿ ਸੈਣੀ 22 ਅਗਸਤ ਤੱਕ ਦਿੱਲੀ ਵਿਖੇ ਆਪਣੀ ਕੋਠੀ ਵਿੱਚ ਹੀ ਰਹੇ ਸਨ। ਸੈਣੀ 12 ਜੁਲਾਈ ਨੂੰ ਦਿੱਲੀ ਗਿਆ ਸੀ ਅਤੇ ਉਨਤ੍ਹਾਂ ਨੇ ਆਪਣੇ ਸਟਾਫ ਦੇ ਕਈ ਮੁਲਾਜ਼ਮਾਂ ਨੂੰ ਨੂੰ 12 ਅਗਸਤ ਨੂੰ ਕਰਨਾਲ ਤੋਂ ਵਾਪਿਸ ਭੇਜ ਦਿੱਤਾ ਸੀ, ਜਦੋਂਕਿ ਸਕਿਉਰਟੀ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੂੰ 22 ਅਗਸਤ ਨੂੰ ਵਾਪਿਸ ਪੰਜਾਬ ਜਾਣ ਦੇ ਹੁਕਮ ਦਿੱਤੇ ਸਨ। ਇਸ ਪੁੱਛ-ਗਿੱਛ ਵਿੱਚ ਸਪੱਸ਼ਟ ਹੋਇਆ ਹੈ ਕਿ ਸੈਣੀ ਦਿੱਲੀ ਵਿੱਚ ਹੀ ਹਨ।
ਸਕਿਓਰਿਟੀ ਇੰਚਾਰਜ ਪਰਮਜੀਤ ਸਿੰਘ ਕਿਹਾ ਨੇ ਦੱਸਿਆ ਕਿ ਉਹ 22 ਅਗਸਤ ਤੱਕ ਸੈਣੀ ਨਾਲ ਦਿੱਲੀ ਦੀ ਕੋਠੀ ’ਤੇ ਤਾਇਨਾਤ ਸੀ। ਸੈਣੀ ਦੇ ਹੁਕਮਾਂ ’ਤੇ ਉਹ 22 ਜੁਲਾਈ ਨੂੰ ਪੰਜਾਬ ਪਰਤਿਆ ਸੀ। ਹੈੱਡ ਕਾਂਸਟੇਬਲ ਗੁਰਨਾਮ ਸਿੰਘ ਨੇ ਦੱਸਿਆ ਕਿ 12 ਅਗਸਤ ਨੂੰ ਉਹ ਸੈਣੀ ਨਾਲ ਦਿੱਲੀ ਗਿਆ ਸੀ ਪਰ ਸੈਣੀ ਨੇ ਕਰਨਾਲ ਬਾਈਪਾਸ ਤੋਂ ਉਸਨੂੰ ਵਾਪਿਸ ਭੇਜ ਦਿੱਤਾ ਸੀ।
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਨੂੰ ਲੈਕੇ ਜਿਥੇ ਐਸਆਈਟੀ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਹੀ ਸ਼ਨੀਵਾਰ ਨੂੰ ਮੋਹਾਲੀ ਕੋਰਟ ਨੇ ਸੁਮੇਧ ਸੈਣੀ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ ਅਤੇ 25 ਸਤੰਬਰ ਤਕ ਸੈਣੀ ਨੂੰ ਗਿਰਫਤਾਰ ਕਰਕੇ ਕੋਰਟ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ ਵਿੱਚ ਹਾਈਕੋਰਟ ਤੋਂ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਗ੍ਰਿਫਤਾਰੀ ਤੋਂ ਬੱਚਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਲਗਾਈ ਸੀ, ਜੋਕਿ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਸਵੀਕਾਰ ਨਹੀਂ ਹੋ ਸਕੀ ਸੀ। ਜ਼ਿਕਰਯੋਗ ਹੈ ਕਿ ਇਹ ਮਾਮਲਾ 1991 ਦਾ ਹੈ, ਜਦੋਂ ਸਾਬਕਾ ਡੀਜੀਪੀ ਸੈਣੀ ਚੰਡੀਗੜ੍ਹ ਦੇ ਐੱਸਐੱਸਪੀ। ਇਸ ਦੌਰਾਨ ਉਨ੍ਹਾਂ ’ਤੇ ਹੋਏ ਅੱਤਵਾਦੀ ਹਮਲੇ ਵਿੱਚ ਉਨ੍ਹਾਂ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਜ਼ਬਰਦਸਤੀ ਚੁੱਕਵਾਇਆ ਸੀ, ਜਿਸ ਤੋਂ ਬਾਅਦ ਉਹ ਘਰ ਨਹੀਂ ਆਇਆ।