Six more get bail : ਨਵੀਂ ਦਿੱਲੀ : 26 ਜਨਵਰੀ ਦੌਰਾਨ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ’ਤੇ ਅਤੇ ਹਿੰਸਾ ਦੇ ਦੋਸ਼ ਵਿੱਚ ਵੱਖ-ਵੱਖ ਰਾਜਾਂ ਦੇ ਸੈਂਕੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਦਿਨ-ਰਾਤ ਇਨ੍ਹਾਂ ਲੋਕਾਂ ਨੂੰ ਜੇਲ੍ਹ ਵਿਚੋਂ ਬਾਹਰ ਕੱਢੇ ਜਾਣ ਦੇ ਆਪਣੇ ਯਤਨ ਕਰ ਰਹੀ ਹੈ, ਉਨ੍ਹਾਂ ਦੀ ਮਿਹਨਤ ਸਦਕਾ 6 ਹੋਰ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ।
ਇਨ੍ਹਾਂ ਵਿੱਚ ਦਿੱਲੀ ਦੇ ਰੋਹਿਣੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ, ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸੁਖਜਿੰਦਰ ਸਿੰਘ ਤੇ ਸੁਕਿਰਤ ਸਿੰਘ ਤੇ ਬਠਿੰਡਾ ਜ਼ਿਲ੍ਹੇ ਦੇ ਬੰਗੀ ਨਿਹਾਲ ਸਿੰਘ ਵਾਲਾ ਦੇ ਲਖਵੀਰ ਸਿੰਘ, ਸਿਮਰਨਜੀਤ ਸਿੰਘ ਤੇ ਸੰਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਪੱਛਮੀ ਵਿਹਾਰ ਦੀ ਐਫ ਆਈ ਆਰ ਨੰਬਰ 22 ਤਹਿਤ ਧਾਰਾ 147, 148, 149, 186, 188, 269, 270, 323, 333, 353, 332, 120 ਬੀ/34 ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਜੇਲ੍ਹ ਵਿਚ ਬੰਦ ਬਾਕੀ ਲੋਕਾਂ ਦੇ ਪਰਿਵਾਰਾਂ ਨੂੰ ਭਰੋਸਾ ਦੁਆਇਆ ਜਲਦੀ ਹੀ ਬਾਕੀਆਂ ਦੀ ਵੀ ਜ਼ਮਾਨਤ ਹੋ ਜਾਵੇਗੀ।
ਦੱਸ ਦੇਈਏ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੱਢੀ ਗਈ ਸੀ, ਜਿਸ ਦੌਰਾਨ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ’ਤੇ ਹਿੰਸਾ ਦੇ ਦੋਸ਼ ਵਿੱਚ ਦਿੱਲੀ ਪੁਲਿਸ ਵੱਲੋਂ ਲਗਭਗ 177 ਦੇ ਕਰੀਬ ਕਿਸਾਨਾਂ, ਮਜਜ਼ਦੂਰਾਂ ’ਤੇ ਨੌਜਵਾਨਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿੱਚ ਪੰਜਾਬ ਦੇ ਪੰਜਾਬੀ ਕਲਾਕਾਰ ਦੀਪ ਸਿੱਧੂ, ਕਥਾਵਾਚਕ ਇਕਬਾਲ ਸਿੰਘ ਤੇ ਲੱਖਾ ਸਿਡਾਣਾ ਵੀ ਸ਼ਾਮਲ ਹੈ। ਕਿਸਾਨਾਂ ਵੱਲੋਂ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।