ਇਤਿਹਾਸਕ ਮੋਰਚਾ ਫਤਿਹ ਕਰਨ ਮਗਰੋਂ ਕਿਸਾਨਾਂ ਨੇ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਬਾਰਡਰਾਂ ‘ਤੇ ਲਗਭਗ ਇਕ ਸਾਲ ਲੰਮਾ ਅੰਦਲੋਨ ਜਿੱਤ ਵਿੱਚ ਬਦਲ ਗਿਆ ਹੈ। ਹੁਣ ਪਿੰਡਾਂ ਵਿੱਚ ਲੋਕ ਫੁੱਲਾਂ ਦੀ ਵਰਖਾ ਕਰਨ ਨੂੰ ਤਿਆਰ ਖੜ੍ਹੇ ਹਨ। ਸਰਕਾਰ ਵੱਲੋਂ ਭੇਜੇ ਡਰਾਫਟ ‘ਤੇ ਸਹਿਮਤੀ ਬਣਨ ਤੋਂ ਬਾਅਦ SKM ਵੱਲੋਂ ਅੱਜ ਸਿੰਘੂ ਬਾਰਡਰ ‘ਤੇ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ 11 ਦਸੰਬਰ ਨੂੰ ਸਵੇਰੇ 9 ਵਜੇ ਘਰ ਵਾਪਸੀ ਕੀਤੀ ਜਾਵੇਗੀ। ਕਿਸਾਨ ਜਥੇਬੰਦੀਆਂ ਦੇ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ 9 ਦਸੰਬਰ ਯਾਨੀ ਕਿ ਅੱਜ ਸ਼ਾਮ 5.30 ਵਜੇ ਸਿੰਘੂ ਬਾਰਡਰ ਦੀ ਸਟੇਜ ਤੋਂ ‘ਫਤਿਹ ਅਰਦਾਸ’ ਕੀਤੀ ਜਾਵੇਗੀ। ਜਿਸ ਤੋਂ ਬਾਅਦ 11 ਦਸੰਬਰ ਨੂੰ ਦਿੱਲੀ ਦੇ ਬਾਰਡਰਾਂ ਤੋਂ ਸਵੇਰੇ 9 ਵਜੇ ਕਿਸਾਨ ਆਪਣੇ ਘਰਾਂ ਨੂੰ ਵਾਪਸੀ ਕਰਨਗੇ। 13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕਰਨਗੇ ਤੇ 15 ਦਸੰਬਰ ਨੂੰ ਪੰਜਾਬ ਵਿੱਚ ਜਾਰੀ ਸਾਰੇ ਮੋਰਚੇ ਸਮਾਪਤ ਕਰ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: