Small farmer families will get : ਕਿਸਾਨਾਂ ਦੀ ਭਲਾਈ ਲਈ ਯਤਨਸ਼ੀਲ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਵਿੱਤੀ ਸਹਾਇਤਾ ਲਈ ਅਧੀਨ ਖੇਤੀਬਾੜੀ ਜ਼ਮੀਨ ਦੀ ਮਲਕੀਅਤ ਵਾਲੇ ਕਿਸਾਨ ਪਰਿਵਾਰ ਨੂੰ ਸਾਲਾਨਾ 6000 ਰੁਪਏ ਦੀ ਰਾਸ਼ੀ ਉਨਾਂ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਸਕੀਮ ਅਧੀਨ ਸਰਕਾਰ ਵੱਲੋਂ ਸਵੈ-ਘੋਸ਼ਣਾ ਪੱਤਰ ਦੀ ਮੰਗ ਕੀਤੀ ਗਈ ਹੈ।ਇਸ ਲਈ ਕਿਸਾਨ 1 ਜੂਨ 2020 ਤੱਕ ਸਵੈ-ਘੋਸ਼ਣਾ ਪੱਤਰ ਭਰ ਕੇ ਜਮਾਂ ਕਰਵਾ ਸਕਦੇ ਹਨ। ਇਸ ਦੀ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਸ. ਮਨਜੀਤ ਸਿੰਘ ਨੇ ਦਿੰਦਿਆਂ ਦੱਸਿਆ ਕਿ ਜਿਹੜੇ ਕਿਸਾਨ ਪਰਿਵਾਰ ਪਹਿਲਾਂ ਇਸ ਸਕੀਮ ਅਧੀਨ ਲਾਭ ਪ੍ਰਾਪਤ ਨਹੀਂ ਕਰ ਸਕੇ ਉਨਾਂ ਲਈ ਸਵੈ ਘੋਸ਼ਣਾ ਪੱਤਰ ਦੀ ਮੰਗ ਕੀਤੀ ਗਈ ਹੈ। ਕਿਸਾਨ ਪਰਿਵਾਰਾਂ ਜਿਨ੍ਹਾਂ ਕੋਲ ਖੇਤੀਬਾੜੀ ਜ਼ਮੀਨ ਦੀ ਮਲਕੀਅਤ ਹੈ, ਨੂੰ ਸਾਲਾਨਾ 6000 ਰੁਪਏ (ਹਰ ਚਾਰ ਮਹੀਨੇ ਬਾਅਦ 2000 ਰੁਪਏ) ਉਨ੍ਹਾਂ ਦੇ ਬੱਚਤ ਖਾਤਿਆ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣੇ ਹਨ।ਉਨਾਂ ਕਿਹਾ ਕਿ ਲਾਭ ਲੈਣ ਵਾਲੇ ਲਾਭਪਾਤਰੀ (ਪਤੀ, ਪਤਨੀ ਅਤੇ ਸਾਰੇ ਬੱਚੇ) ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ 01 ਫਰਵਰੀ 2019 ਨੂੰ ਖੇਤੀ ਯੋਗ ਜਮੀਨ ਦੀ ਮਲਕੀਅਤ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਅਧੀਨ ਸਹਾਇਤਾ ਪ੍ਰਾਪਤ ਕਰਨ ਵਾਲੇ ਲਾਭਪਾਤਰੀ ਵੱਲੋਂ ਸਵੈ ਘੋਸ਼ਣਾ ਦਿੱਤੀ ਜਾਣੀ ਹੈ ਕਿ ਉਹ ਅਤੇ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਸਰਕਾਰੀ/ਅਰਧ ਸਰਕਾਰੀ/ ਪਬਲਿਕ ਸੈਕਟਰ ਅਦਾਰੇ ਵਿੱਚ ਨੌਕਰੀ ਨਹੀਂ ਕਰਦਾ ਅਤੇ ਨਾ ਹੀ ਇਨਾਂ ਥਾਵਾਂ ਤੋਂ ਸੇਵਾ ਮੁਕਤ ਹੋਇਆ ਹੈ (ਇਹ ਸ਼ਰਤ ਦਰਜਾ 4 ਦੇ ਸੇਵਾ ਕਰ ਰਹੇ ਜਾਂ ਸੇਵਾ ਮੁਕਤ ਕਰਮਚਾਰੀਆਂ ਤੇ ਲਾਗੂ ਨਹੀਂ ਹੈ।ਇਹ ਸ਼ਰਤ ਬਾਕੀ ਉਨਾਂ ਸੇਵਾ ਮੁਕਤ ਮੁਲਾਜ਼ਮਾਂ ਤੇ ਵੀ ਲਾਗੂ ਨਹੀਂ ਹੈ ਜਿਨਾਂ ਦੀ ਮਹੀਨਾਵਾਰ ਪੈਨਸ਼ਨ 10,000 ਰੁਪਏ ਤੋਂ ਘੱਟ ਹੈ)। ਉਹ ਅਤੇ ਉਸ ਦੇ ਪਰਿਵਾਰ ਦਾ ਮੈਂਬਰ ਆਮਦਨ ਕਰ ਦਾਤਾ ਨਹੀਂ ਹਨ।ਕਿਸੇ ਵੀ ਸੰਵਿਧਾਨਿਕ ਅਦਾਰੇ ਤੇ ਅਤੇ ਸਰਕਾਰ ਦੇ ਮੰਤਰੀ ਐਮ.ਪੀ/ਐਮ.ਐਲ.ਏ/ਮੇਅਰ/ਚੇਅਰਮੈਨ ਜਿਲਾ ਪ੍ਰੀਸ਼ਦ ਤੇ ਨਹੀਂ ਹਨ ਅਤੇ ਨਾ ਹੀ ਪਹਿਲਾ ਕਦੇ ਰਹੇ ਹਨ, ਡਾਕਟਰ/ ਇੰਜੀਨੀਅਰ/ ਵਕੀਲ/ ਆਰਕੀਟੈਕਟ/ਚਾਰਟਰਡ ਅਕਾਊਂਟੈਂਟ ਦੀ ਪੇਸ਼ੇਵਰ ਸੰਸਥਾ ਦੇ ਮੈਂਬਰ ਨਹੀਂ ਹਨ ਅਤੇ ਨਾ ਹੀ ਇਹ ਪੇਸ਼ਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਕਤ ਸਬੰਧੀ ਸੂਚਨਾ ਸਵੈ ਘੋਸਣਾ ਪੱਤਰ ਪਿੰਡ ਪੱਧਰੀ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਵਿੱਚ ਉਪਲੱਬਧ ਹਨ, ਜਿੱਥੇ ਕਿ ਇਹ ਫਾਰਮ ਭਰ ਕੇ ਦਿੱਤੇ ਜਾ ਸਕਦੇ ਹਨ। ਜੇਕਰ ਕੋਈ ਲਾਭਪਾਤਰੀ ਪਿੰਡ ਵਿੱਚ ਨਹੀਂ ਵੀ ਰਹਿੰਦਾ ਤਾਂ ਉਸ ਦੇ ਪਰਿਵਾਰ ਦਾ ਕੋਈ ਵੀ ਬਾਲਗ ਮੈਂਬਰ ਸਵੈ ਘੋਸਣਾ ਪੱਤਰ ਭਰਕੇ ਪਿੰਡ ਨਾਲ ਸਬੰਧਤ ਸਹਿਕਾਰੀ ਸਭਾ ਵਿਖੇ ਜਮਾਂ ਕਰਵਾ ਸਕਦਾ ਹੈ। ਕਿਸੇ ਕਾਰਨ ਇਸ ਘੋਸਣਾ ਪੱਤਰ ਦੀ ਕਾਪੀ ਸਭਾ ਰਾਹੀ ਉਪਲੱਬਧ ਨਹੀਂ ਹੁੰਦੀ ਤਾਂ www.agri.punjab.gov.in ਵੈਬਸਾਈਟ ਤੋਂ ਇਹ ਫਾਰਮ ਡਾਊਨਲੋਡ ਕਰਕੇ ਸਾਦੇ ਕਾਗਜ ਤੇ ਭਰ ਕੇ ਪਿੰਡ ਦੀ ਸਹਿਕਾਰੀ ਸਭਾ ਵਿੱਚ ਜਮਾਂ ਕਰਵਾਏ ਜਾ ਸਕਦੇ ਹਨ। ਸਵੈ-ਘੋਸਣਾ ਪੱਤਰ ਨੂੰ ਧਿਆਨ ਨਾਲ ਭਰ ਕੇ ਜਮ੍ਹਾ ਕਰਵਾਇਆ ਜਾਵੇ ਅਤੇ ਇਸ ਦੀ ਕੋਈ ਫੀਸ ਨਹੀਂ ਹੈ। ਮਾਲ ਵਿਭਾਗ ਦੀ ਵੈਬਸਾਈਟ www.plrs.org.in, ., www.jamabandi.punjab.gov.in ਜਾਂ www.revenue.punjab.gov.in ਤੋਂ ਆਪਣੀ ਵਾਹੀਯੋਗ ਜਮੀਨ ਦਾ ਖਸਰਾ ਨੰਬਰ ਦੇਖਿਆ ਜਾ ਸਕਦਾ ਹੈ।ਜਿਹੜੇ ਕਿਸਾਨ ਪਹਿਲਾਂ ਹੀ ਇਸ ਸਕੀਮ ਦਾ ਲਾਭ ਲੈ ਰਹੇ ਹਨ ਉਨਾਂ ਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਹੈ।ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲੇ ਦੇ ਖੇਤੀਬਾੜੀ ਵਿਭਾਗ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆ ਨਾਲ ਸੰਪਰਕ ਕੀਤਾ ਜਾ ਸਕਦਾ ਹੈ।