Snowfall in hilly areas : ਪਹਾੜੀ ਇਲਾਕਿਆਂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਹਿੱਸੇ ਵਿੱਚ ਮੰਗਲਵਾਰ ਨੂੰ ਬਰਫ਼ਬਾਰੀ ਜਾਰੀ ਰਹੀ, ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਪਾਰਾ ਹੋਰ ਹੇਠਾਂ ਡਿੱਗ ਗਿਆ, ਜਿਸ ਨਾਲ ਠੰਡ ਵਿੱਚ ਵਾਧਾ ਹੋ ਗਿਆ। ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਆਮ ਨਾਲੋਂ ਘੱਟ ਰਿਹਾ। ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨੇ ਮੰਗਲਵਾਰ ਨੂੰ ਖਿੱਤੇ ਵਿੱਚ ਬੱਦਲਵਾਈ ਵਾਲਾ ਮੌਸਮ ਅਤੇ ਹਫਤੇ ਦੇ ਬਾਅਦ ਵਿੱਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ
ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਘੱਟੋ ਘੱਟ ਤਾਪਮਾਨ 11 ਡਿਗਰੀ ਰਿਹਾ, ਜੋਕਿ ਪਿਛਲੇ ਦਿਨਾਂ ਤੋਂ ਇਹ ਆਮ ਨਾਲੋਂ 5 ਤੋਂ 6 ਡਿਗਰੀ ਘੱਟ ਸੀ। ਪਟਿਆਲਾ ਅਤੇ ਲੁਧਿਆਣਾ ਵਿੱਚ ਘੱਟੋ ਘੱਟ ਤਾਪਮਾਨ ਕ੍ਰਮਵਾਰ 9.5 ਅਤੇ 10.7 ਡਿਗਰੀ ਰਿਹਾ। ਉਥੇ ਹੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅਸਮਾਨ ਵਿੱਚ ਬੱਦਲਵਾਈ ਵਾਲਾ ਮੌਸਮ ਜਾਰੀ ਰਹਿਣ ਦੀ ਉਮੀਦ ਹੈ ਇਸ ਲਈ ਘੱਟੋ-ਘੱਟ ਤਾਪਮਾਨ ਉੱਚੇ ਪਾਸੇ ਰਹਿਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਵੀਰਵਾਰ ਤੋਂ ਬਾਅਦ ਖੇਤਰ ਵਿੱਚ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ।
ਉਥੇ ਹੀ ਹਰਿਆਣਾ ਵਿਚ ਹਿਸਾਰ ਵਿਚ ਘੱਟੋ-ਘੱਟ ਤਾਪਮਾਨ 5.9 ਡਿਗਰੀ ਤੱਕ ਘਟ ਗਿਆ। ਨਾਰਨੌਲ ਵਿਚ ਤਾਪਮਾਨ 6 ਡਿਗਰੀ ਅਤੇ ਭਿਵਾਨੀ ਵਿਚ 8.3 ਡਿਗਰੀ ਰਿਹਾ। ਸ਼੍ਰੀਨਗਰ ਵਿੱਚ ਮੌਸਮ ਵਿਭਾਗ ਨੇ ਕਿਹਾ, “ਇਸ ਵੇਲੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋ ਰਹੀ ਹੈ ਅਤੇ ਜੰਮੂ ਖੇਤਰ ਵਿੱਚ ਮੀਂਹ ਪੈ ਰਿਹਾ ਹੈ। ਲੇਹ, ਕਾਰਗਿਲ ਅਤੇ ਡਰਾਸ ਵਿੱਚ ਬੱਦਲ ਬਣੇ ਹੋਏ ਹਨ, 25 ਨਵੰਬਰ ਦੁਪਹਿਰ ਤੱਕ ਉੱਚੀਆਂ ਥਾਵਾਂ ਤੇ ਰੁਕ-ਰੁਕ ਕੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਮੁਤਾਬਕ 26 ਨਵੰਬਰ ਤੋਂ ਮੌਸਮ ਸਾਫ ਹੋ ਜਾਵੇਗਾ। ਦੱਸਣਯੋਗ ਹੈ ਕਿ ਗੁਲਮਰਗ, ਪਹਿਲਗਾਮ ਅਤੇ ਸੋਨਮਾਰਗ ਦੇ ਸੈਰ-ਸਪਾਟਾ ਸਥਾਨਾਂ ਵਿੱਚ ਮੰਗਲਵਾਰ ਨੂੰ ਤਾਜ਼ਾ ਬਰਫਬਾਰੀ ਹੋਈ. ਗੁਲਮਰਗ ਵਿੱਚ ਇੱਕ ਫੁੱਟ ਦੇ ਕਰੀਬ ਬਰਫਬਾਰੀ ਹੋਈ। ਜੰਮੂ ਕਸ਼ਮੀਰ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਕਸ਼ਮੀਰ ਦੇ ਉਪਰਲੇ ਹਿੱਸਿਆਂ ਵਿੱਚ ਬਰਫਬਾਰੀ ਦੀ ਚੇਤਾਵਨੀ ਦਿੱਤੀ ਹੈ।