Soil and water will be delivered : ਪੰਜਾਬ ਦੇ 55 ਤੀਰਥ ਸਥਾਨਾਂ ਤੋਂ ਮਿੱਟੀ ਤੇ ਤਿੰਨ ਦਰਿਆਵਾਂ ਦਾ ਪਾਣੀ ਇਕੱਠਾ ਕਰਕੇ ਹਿੰਦੂ ਪ੍ਰੀਸ਼ਦ ਤੇ ਵਰਕਰਾਂ ਵੱਲੋਂ ਅਯੋਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਪਹੁੰਚਾਇਆ ਜਾਏਗਾ। ਇਸ ਵਿਚ ਸ੍ਰੀ ਹਰਿਮੰਦਰ ਸਾਹਿਬ ਸਣੇ ਪ੍ਰਮੁੱਖ ਗੁਰਦੁਆਰਾ ਸਾਹਿਬ ਤੋਂ ਮਿੱਟੀ ਤੇ ਸਰੋਵਰਾਂ ਦਾ ਪਾਣੀ, ਮੰਦਰਾਂ ਦੀ ਮਿੱਟੀ ਦੇ ਨਾਲ-ਨਾਲ ਸ਼ਹੀਦੀ ਸਥਾਨਾਂ ਤੋਂ ਮਿੱਟੀ ਤੋਂ ਇਲਾਵਾ ਤਿੰਨ ਦਰਿਆਵਾਂ ਸਤਲੁਜ, ਰਾਵੀ, ਬਿਆਸ ਦਾ ਪਾਣੀ ਵੀ ਸ਼ਾਮਲ ਹੋਵੇਗਾ।
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਵਿਚ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਸੂਬਾ ਨਿਰਦੇਸ਼ਕ ਮੰਡਲ ਦੇ ਮੁਖੀ ਅਤੁਲ ਕ੍ਰਿਸ਼ਣ ਨੇ ਇਸ ਬਾਰੇ ਦੱਸਿਆ। ਇਸ ਦੌਰਾਨ ਆਰ. ਐਸ. ਐਸ. ਦੇ ਸੂਬਾ ਪ੍ਰਚਾਰਕ ਪ੍ਰਮੋਦ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਨੂੰ ਲੈ ਕੇ ਭਗਤਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਯੋਧਿਆ ਲਈ ਜ਼ਲਿਆਂਵਾਲਾ ਬਾਗ, ਖਟਕੜ ਕਲਾਂ, ਸ਼੍ਰੀ ਭੈਣੀ ਸਾਹਿਬ ਤੋਂ ਵੀ ਮਿੱਟੀ ਭੇਜੀ ਜਾਵੇਗੀ। ਆਰ. ਐਸ. ਐਸ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਵਿਚ ਲੋਕਾਂ ਨੂੰ ਰਾਮ ਮੰਦਰ ਨਾਲ ਭਾਵਨਾਤਮਕ ਤੌਰ ’ਤੇ ਜੋੜਨ ਲਈ ਪ੍ਰਤੀ ਵਿਅਕਤੀ ਸਵਾ ਰੁਪਏ ਚੰਦਾ ਵੀ ਇਕੱਠਾ ਕਰੇਗਾ।
ਆਰ. ਐਸ. ਐਸ. ਨੇਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੰਦਰ ਨਿਰਮਾਣ ਲਈ ਨਹੀਂ, ਸਗੋਂ ਲੋਕਾਂ ਨੂੰ ਜੋੜਨਾ ਹੈ। ਦੇਸ਼ ਵਿਚ ਦਸ ਕਰੋੜ ਪਰਿਵਾਰਾਂ ਦੇ 55 ਕਰੋੜ ਲੋਕਾਂ ਤੋਂ ਇਹ ਰਕਮ ਲਈ ਜਾਵੇਗੀ। ਕਾਂਗਰਸ ਨੇਤਾ ਤੇ ਵਰਕਰ ਅਸਿੱਧੇ ਤੌਰ ’ਤੇ ਮੰਦਰ ਨਿਰਮਾਣ ’ਚ ਸਹਿਯੋਗ ਕਰ ਰਹੇ ਹਨ, ਪਰ ਸਿਆਸੀ ਮਜਬੂਰੀ ਕਾਰਨ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਹਨ। ਅਤੁਲ ਕ੍ਰਿਸ਼ਣ ਨੇ ਦੱਸਿਆ ਕਿ ਨੀਂਹ ਪੱਥਰ ਦਾ ਪ੍ਰੋਗਰਾਮ ਦਾ ਪ੍ਰਸਾਰਣ ਲਾਈਵ ਹੋਵੇਗਾ ਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਬੈਠ ਕੇ ਦੇਖਣ ਦੀ ਅਪੀਲ ਕੀਤੀ ਗਈ ਹੈ।