Special on Environment Day: ਵਾਤਾਵਰਣ ਤੋਂ ਬਿਨਾਂ ਜ਼ਿੰਦਗੀ ਦੀ ਹੋਂਦ ਨਹੀਂ ਹੋ ਸਕਦੀ। ਜ਼ਿੰਦਗੀ ਤੇ ਵਾਤਾਵਰਣ ਦਾ ਆਪਸ ’ਚ ਡੂੰਘਾ ਨਾਤਾ ਹੈ। 5 ਜੂਨ ਪੂਰੀ ਦੁਨੀਆ ਵਿਚ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਇਸ ਦਿਨ ਅਸੀਂ ਗੱਲ ਕਰਦੇ ਹਾਂ ਪੰਜਾਬ ਵਿਚ ਕਪੂਰਥਲਾ ਦੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸੀਚੇਵਾਲ ਦੀ, ਜਿਨ੍ਹਾਂ ਨੇ ਕਈ ਵਾਰ ਬੰਨ੍ਹ ਤੋੜ ਕੇ ਕਪੂਰਥਲਾ ਦੇ ਪਿੰਡ ਤਬਾਹ ਕਰ ਚੁੱਕੇ ਸਤਲੁਜ ਦਰਿਆ ਤੋਂ ਪਿੰਡਾਂ ਤੇ ਕਿਸਾਨਾਂ ਦੀ ਜ਼ਮੀਨ ਬਚਾਉਣ ਦਾ ਜ਼ਿੰਮਾ ਚੁੱਕਿਆ ਹੈ, ਜਿਸ ਦੇ ਚੱਲਦਿਆਂ ਸੰਤ ਸੀਚੇਵਾਲ ਦੀ ਪ੍ਰੇਰਣਾ ਨਾਲ ਲੋਕ ਦਰਿਆ ਦੇ 53 ਕਿਲੋਮੀਟਰ ਲੰਮੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਵਿਚ ਜੁਟ ਗਏ ਹਨ। ਇਸ ਵਿਚ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ। ਸੰਤ ਸੀਚੇਵਾਲ ਖੁਦ ਲੋਕਾਂ ਦੀ ਅਗਵਾਈ ਕਰਕੇ ਕਾਰ ਸੇਵਾ ਕਰ ਰਹੇ ਹਨ। ਦੱਸਣਯੋਗ ਹੈ ਕਿ ਹੜ੍ਹ ਦੇ ਖਤਰੇ ਨੂੰ ਰੋਕਣ ਲਈ ਕਾਰ ਸੇਵਾ ਰਾਹੀਂ ਸੰਗਤ ਦਰਿਆ ਦੇ ਕਿਨਾਰਿਆਂ ਨੂੰ 12 ਫੁੱਟ ਉੱਚਾ ਅਤੇ 35 ਫੁੱਟ ਚੌੜ੍ਹਾ ਬਣਾ ਰਹੀ ਹੈ। 53 ਕਿਲੋਮੀਟਰ ਲੰਮੇ ਇਨ੍ਹਾਂ ਕਿਨਾਰਿਆਂ ਦਾ ਕੰਮ ਪੂਰਾ ਹੋਣ ’ਤੇ ਫਿਰ ਪਿੰਡਾਂ ਨੂੰ ਹੜ੍ਹ ਦਾ ਖਤਰਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਵੱਖ-ਵੱਖ ਥਾਵਾਂ ਤੋਂ ਦਰਿਆ ਦੇ ਕਮਜ਼ੋਰ ਕਿਨਾਰਿਆਂ ਦੇ ਕਾਰਨ ਇਸ ਇਲਾਕੇ ਵਿਚ ਲਗਭਗ 30 ਵਾਰ ਹੜ੍ਹ ਆ ਚੁੱਕਾ ਹੈ। ਪਿਛਲੇ ਸਾਲ ਆਏ ਹੜ੍ਹ ਵਿਚ ਲਗਭਗ 100 ਪਿੰਡ ਡੁੱਬ ਗਏ ਸਨ ਅਤੇ ਕਿਸਨਾਂ ਦੀ 18 ਤੋਂ 30 ਏਕੜ ਫਸਲ ਤਬਾਹ ਹੋ ਗਈ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ 31 ਜਨਵਰੀ 2020 ਨੂੰ ਰੇਲਵੇ ਪੁਲ ਦੇ ਹੇਠਾਂ ਤੋਂ ਮਿੱਟੀ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਰੋਜ਼ਾਨਾ 90 ਟਰੈਕਟਰ-ਟਰਾਲੀਆਂ, 10 ਟਿੱਪਰ, ਪੰਜ ਵੱਡੀਆਂ ਕ੍ਰੇਨਾਂ ਤੇ ਤਿੰਨ ਜੇਸੀਬੀ ਮਸ਼ੀਨਾਂ ਨਾਲ ਸੈਂਕੜੇ ਕਾਰ ਸੇਵਕ ਇਸ ਕੰਮ ਵਿਚ ਜੁਟੇ ਰਹਿੰਦੇ ਹਨ। ਇਸ ਕੰਮ ਵਿਚ ਰੋਜ਼ਾਨਾ ਲਗਭਗ 2 ਲੱਖ ਰੁਪਏ ਦਾ ਖਰਚਾ ਆ ਰਿਹਾ ਹੈ ਤੇ ਹੁਣ ਤੱਕ 83 ਲੱਖ ਤੋਂ ਵੱਧ ਰੁਪਏ ਖਰਚ ਹੋ ਚੁੱਕੇ ਹਨ। ਇਹ ਪੈਸਾ ਪਿੰਡਾਂ ਦੀ ਸੰਗਤ ਤੋਂ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਤੇ ਐਨਆਰਆਈ ਵਲੋਂ ਭੇਜਿਆ ਜਾ ਰਿਹਾ ਹੈ।
ਬਿਨਾਂ ਸੁਆਰਥ ਦੇ ਲੋਕਾਂ ਦੀ ਤੇ ਚੌਗਿਰਦੇ ਦੀ ਸੇਵਾ ਕਰਨ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਕੁਦਰਤ ਦੇ ਅਨਮੋਲ ਭੰਡਾਰੇ ਤਾਂ ਸਾਰਿਆਂ ਲਈ ਸਾਂਝੇ ਹੁੰਦੇ ਹਨ। ਪਸ਼ੂ,ਪੰਛੀ, ਜਲਚਰ ਜੀਵ ਤੇ ਬਨਸਪਤੀ ਇਹ ਸਾਰਾ ਕੁਝ ਤਾਂ ਧਰਤੀ ਦੇ ਕੁਦਰਤੀ ਸ਼ਿੰਗਾਰ ਹਨ। ਕੁਦਰਤ ਨਾਲੋਂ ਟੁੱਟਣ ਨਾਲ ਹੀ ਭੁਚਾਲ, ਭਿਆਨਕ ਹੜ੍ਹ ਅਤੇ ਸੁਨਾਮੀ ਦੀ ਲਪੇਟ ‘ਚ ਆ ਕੇ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਹ ਸਾਰਾ ਕੁਝ ਮਨੁੱਖ ਦੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਹੀ ਨਤੀਜਾ ਹਨ। ਸਾਨੂੰ ਨਦੀਆਂ-ਦਰਿਆਵਾਂ ਵਿਚ ਗੰਦਗੀ ਪੈਣ ਤੋਂ ਰੋਕਣਾ ਚਾਹੀਦਾ ਹੈ। ਅਸੀਂ ਵੱਧ ਤੋਂ ਵੱਧ ਰੁੱਖ ਲਾ ਕੇ ਇਸ ਧਰਤੀ ਨੂੰ ਸਾਹ ਲੈਣ ਯੋਗ ਬਣਾਈਏ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਇਸ ਧਰਤੀ ਨੂੰ ਰਹਿਣਯੋਗ ਬਣਾਈਏ। ਕੋਰੋਨਾ ‘ਤੇ ਤਾਂ ਹੀ ਫਤਿਹ ਪਾਈ ਜਾ ਸਕਦੀ ਹੈ ਜਦੋਂ ਇਸ ਧਰਤੀ ‘ਤੇ ਸਾਫ਼ ਵਾਤਾਵਰਣ ਸਿਰਜਿਆ ਜਾ ਸਕੇਗਾ।