Special operation to be launched : ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰਾਂ ਦੀ ਸਪਲਾਈ ’ਤੇ ਸ਼ਿਕੰਜਾ ਕੱਸਣ ਲਈ ਪੁਲਿਸ ਹੁਣ ਪੂਰੇ ਸੂਬੇ ਵਿਚ ਵਿਸ਼ੇਸ਼ ਮੁਹਿੰਮ ਚਲਾਏਗੀ, ਜਿਸ ਵਿਚ ਇਨ੍ਹਾਂ ਦੇ ਵਿਦੇਸ਼ਾਂ ਵਿਚ ਬੈਠੇ ਆਕਿਆਂ ਤੱਕ ਪਹੁੰਚਣ ਲਈ ਪੰਜਾਬ ਪੁਲਿਸ ਹੁਣ ਤੱਕ ਫੜੇ ਗਏ ਸਾਰੇ ਸਮੱਗਲਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨਾਲ ਸਾਂਝਾ ਕਰੇਗੀ ਤਾਂਜੋ ਇਨ੍ਹਾਂ ਦੇ ਸਾਥੀਆਂ ਨੂੰ ਫੜਣ ਵਿਚ ਆਸਾਨੀ ਹੋ ਸਕੇ ਅਤੇ ਇਨ੍ਹਾਂ ਦੇ ਨੈਟਵਰਕ ਨੂੰ ਤੋੜਿਆ ਜਾ ਸਕੇ। ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਫੜੇ ਗਏ ਗੈਂਗਸਟਰਾਂ ਅਤੇ ਸਮੱਗਲਰਾਂ ਦੇ ਹੋਏ ਖੁਲਾਸੇ ਤੋਂ ਬਾਅਦ ਇਕ ਗੱਲ ਵਾਰ-ਵਾਰ ਪੁਲਿਸ ਦੇ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਨੂੰ ਨਸ਼ਾ ਅਤੇ ਹਥਿਆਰ ਪਾਕਿ ਸਰਹੱਦ ਤੋਂ ਪਹੁੰਚਾਏ ਜਾਂਦੇ ਹਨ, ਜਦਕਿ ਇਨ੍ਹਾਂ ਦੇ ਆਕੇ ਵਿਦੇਸ਼ ਵਿਚ ਬੈਠੇ ਹੁੰਦੇ ਹਨ। ਹੁਣ ਪੁਲਿਸ ਇਨ੍ਹਾਂ ਵਿਦੇਸ਼ਾਂ ਵਿਚ ਬੈਠੇ ਆਕਿਆਂ ਤੱਕ ਵੀ ਪਹੁੰਚਣ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਨਾਲ ਇਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਵੱਡੀ ਘਟਨਾ ਨੂੰ ਰੋਕਣ ਵਿਚ ਮਦਦ ਮਿਲੇਗੀ। ਇਸ ਦੇ ਲਈ ਪੰਜਾਬ ਪੁਲਿਸ ਵਿਭਾਗ ਨੇ ਹੁਣ ਤੱਕ ਦੇ ਫੜੇ ਗਏ ਸਮੱਗਲਰਾਂ ਅਤੇ ਅੱਤਵਾਦੀਆਂ ਦੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂਜੋ ਛੇਤੀ ਤੋਂ ਛੇਤੀ ਇਨ੍ਹਾਂ ਨੂੰ ਗ੍ਰਹਿ ਮੰਤਰਾਲਾ ਨਾਲ ਸਾਂਝਾ ਕੀਤਾ ਜਾ ਸਕੇ ਅਤੇ ਇਨ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ, ਤਾਂਜੋ ਪੰਜਾਬ ਵਿਚ ਇਨ੍ਹਾਂ ਦੇ ਜਿੰਨੇ ਵੀ ਸਾਥੀ ਹਨ ਅਤੇ ਜਿੰਨੇ ਵਿਦੇਸ਼ਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਫੜਣ ਲਈ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਲੈ ਕੇ ਉਨ੍ਹਾਂ ਨੂੰ ਫੜਿਆ ਜਾ ਸਕੇ। ਡੀਜੀਪੀ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਹੁਣ ਤੱਕ ਫੜੇ ਗਏ ਸਮੱਗਲਰਾਂ, ਗੈਂਗਸਟਰਾਂ ਤੇ ਅੱਤਵਾਦੀਆਂ ਦੀ ਲਿਸਟ ਤਿਆਰ ਕਰਕੇ ਇਨ੍ਹਾਂ ਦੇ ਆਕਿਆਂ ਨੂੰ ਫੜਣ ਲਈ ਸੂਬੇ ਨਾਲ ਦੇਸ਼ ਵਿਚ ਮੁਹਿੰਮ ਵਿੱਢੇਗੀ।
ਡੀਜੀਪੀ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਦੀ ਸੂਚੀ ਤਿਆਰ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜਣ ਦਾ ਫੈਸਲਾ ਲਿਆ ਗਿਆ ਹੈ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨਾਲ ਸੰਪਰਕ ਵਿਚ ਰਹਿ ਕੇ ਇਨ੍ਹਾਂ ਬਾਰੇ ਕੁਝ ਵੀ ਭਿਣਕ ਲੱਗਣ ’ਤੇ ਪੁਲਿਸ ਤੁਰੰਤ ਹਰਕਤ ਵਿਚ ਆ ਜਾਏਗੀ, ਜਿਸ ਨਾਲ ਇਨ੍ਹਾਂ ਨੂੰ ਫੜਣ ਵਿਚ ਆਸਾਨੀ ਹੋਵੇਗੀ। ਇਸ ਬਾਰੇ ਇੰਜੈਟਲੀਜੈਂਸ ਵਿੰਗ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ, ਜਿਸ ’ਤੇ ਇੰਟੈਲੀਜੈਂਸ ਨੂੰ ਕੁਝ ਵੀ ਜਾਣਕਾਰੀ ਮਿਲਦਿਆਂ ਹੀ ਮੁੱਖ ਦਫਤਰ ਨਾਲ ਸੰਪਰਕ ਕੀਤਾ ਜਾਵੇਗਾ ਤਾਂਜੋ ਅਪਰਾਧੀਆਂ ਦੇ ਸੰਪਰਕਾਂ ਦਾ ਤੁਰੰਤ ਪਤਾ ਲਗਾਇਆ ਜਾ ਸਕੇ। ਇੰਟੈਲੀਜੈਂਸ ਨੂੰ ਪੰਜਾਬ ਵਿਚ ਲੁਕੇ ਗੈਂਗਸਟਰਾਂ ਅਤੇ ਸਮੱਗਲਰਾਂ ਬਾਰੇ ਜ਼ਿਲਾ ਪੱਧਰ ’ਤੇ ਵੱਧ ਤੋਂ ਵੱਧ ਸੂਚਨਾ ਹਾਸਲ ਕਰਨ ਅਤੇ ਛਾਣਬੀਣ ਕਰਨ ਲਈ ਕਿਹਾ ਗਿਆ ਹੈ।