ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਇੱਕ ਬੇਕਾਬੂ ਹੋ ਕੇ ਟਰੱਕ ਨੇ ਦੋ ਪਰਵਾਸੀ ਮਜ਼ਦੂਰਾਂ ਨੂੰ ਕੁਚਲ ਦਿੱਤਾ ਹੈ ।ਜਿਸ ਦੌਰਾਨ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ,ਜਦਕਿ ਦੂਜੇ ਦਾ ਇਲਾਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ਜਾਮ ਕਰ ਦਿੱਤਾ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਗੁੱਸੇ ਚ ਆਏ ਪ੍ਰਦਰਸ਼ਨਕਾਰੀਆਂ ਵਿੱਚੋਂ ਕੁਝ ਲੋਕਾਂ ਨੇ ਟਰੱਕ ਦੀ ਭੰਨਤੋੜ ਕੀਤੀ ਅਤੇ ਉਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਗਨੀਮਤ ਰਹੀ ਕਿ ਪੁਲਿਸ ਨੇ ਮੌਕੇ ਨੂੰ ਸਾਂਭ ਲਿਆ ਅਤੇ ਟਰੱਕ ਨੂੰ ਅੱਗ ਲੱਗਣ ਨਹੀਂ ਦਿੱਤੀ ਗਈ। ਮ੍ਰਿਤਕ ਅਤੇ ਜ਼ਖਮੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਧੰਨਸਾਗਰ ਪਾਣੀ ਲੈਣ ਲਈ ਜਾ ਰਿਹਾ ਸੀ। ਇੰਨੇ ਨੂੰ ਇੱਕ ਤੇਜ਼ ਰਫਤਾਰ ਟਰੱਕ ਨੇ ਧੰਨਸਾਗਰ ਅਤੇ ਉਸਦੇ ਦੋਸਤ ਅਸਤਿਤਵ ਨੂੰ ਕੁਚਲ ਦਿੱਤਾ ਹੈ ਅਤੇ ਧੰਨਸਾਗਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ,ਜਦਕਿ ਅਸਤਿਤਵ ਗੰਭੀਰ ਰੂਪ ਚ ਜਖਮੀ ਹੋ ਗਿਆ ।ਜਿਸ ਨੂੰ ਇਲਾਜ ਲਈ ਕਪੂਰਥਲਾ ਦੇ ਹਸਪਤਾਲ ਚ ਲਿਜਾਇਆ ਗਿਆ ਸੀ। ਜਿੱਥੇ ਉਸ ਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 2 ਸਾਲ ਦੀ ਧੀ ਸਣੇ ਔਰਤ ਨੇ ਨਹਿਰ ‘ਚ ਮਾ/ਰੀ ਛਾਲ! ਭਾਲ ਜਾਰੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਜਾਣਕਾਰੀ ਅਨੁਸਾਰ ਧੰਨਸਾਗਰ ਸ਼ਾਦੀਸ਼ੁਦਾ ਸੀ ਅਤੇ ਉਸਦੇ ਦੋ ਬੱਚੇ ਵੀ ਹਨ ਅਤੇ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ । ਦੂਸਰੇ ਪਾਸੇ ਮੌਕੇ ‘ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਟਰੱਕ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਲੋੜੀਂਦੀ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
