sports minister kiren rijiju says: ਕੋਰੋਨਾ ਵਾਇਰਸ ਦੇ ਕਾਰਨ, ਪਿੱਛਲੇ ਦੋ ਮਹੀਨਿਆਂ ਤੋਂ ਕਿਸੇ ਵੀ ਤਰਾਂ ਦੀਆ ਖੇਡਾਂ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ। ਪਰ ਲੌਕਡਾਊਨ 4.0 ਦੀ ਸ਼ੁਰੂਆਤ ਤੋਂ ਤੁਰੰਤ ਬਾਅਦ, ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਖੇਡਾਂ ਨੂੰ ਮੁੜ ਚਾਲੂ ਕਰਨ ਦਾ ਸੰਕੇਤ ਦੇ ਦਿੱਤਾ ਹੈ। ਰਿਜੀਜੂ ਨੇ ਕਿਹਾ ਹੈ ਕਿ ਸਟੇਡੀਅਮਾਂ ਅਤੇ ਖੇਡ ਕੰਪਲੈਕਸਾਂ ਵਿੱਚ ਖੇਡ ਗਤੀਵਿਧੀਆਂ ਗ੍ਰਹਿ ਮੰਤਰਾਲੇ ਅਤੇ ਸਬੰਧਿਤ ਰਾਜ ਸਰਕਾਰ ਦੁਆਰਾ ਜਾਰੀ ਨਿਯਮਾਂ ਤਹਿਤ ਸ਼ੁਰੂ ਕੀਤੀਆਂ ਜਾਣਗੀਆਂ। ਹਾਲਾਂਕਿ ਰਿਜੀਜੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਿੰਮ ਅਤੇ ਪੂਲ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਰਿਜਿਜੂ ਨੇ ਟਵੀਟ ਕੀਤਾ, “ਮੈਂ ਖਿਡਾਰੀਆਂ ਅਤੇ ਖੇਡ ਨਾਲ ਜੁੜੇ ਸਾਰੇ ਲੋਕਾਂ ਨੂੰ ਇਹ ਦੱਸਦਿਆਂ ਖੁਸ਼ ਹਾਂ ਕਿ ਗ੍ਰਹਿ ਮੰਤਰਾਲੇ ਅਤੇ ਸਬੰਧਿਤ ਰਾਜ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਟੇਡੀਅਮਾਂ ਅਤੇ ਖੇਡ ਕੰਪਲੈਕਸ ਵਿੱਚ ਖੇਡ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ, ਹਾਲਾਂਕਿ, ਜਿੰਮ ਅਤੇ ਸਵੀਮਿੰਗ ਪੂਲ ਦੀ ਵਰਤੋਂ ‘ਤੇ ਅਜੇ ਵੀ ਪਾਬੰਦੀ ਹੈ।” ਕੇਂਦਰ ਸਰਕਾਰ ਨੇ ਚੌਥੇ ਪੜਾਅ ਦੇ ਲੌਕਡਾਊਨ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਹਾਲਾਂਕਿ, ਕੁੱਝ ਨਿਯਮ ਵੀ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ ਸਟੇਡੀਅਮ ਅਤੇ ਖੇਡ ਕੰਪਲੈਕਸ ਸਿਖਲਾਈ ਲਈ ਖੋਲ੍ਹੇ ਜਾ ਸਕਦੇ ਹਨ।
ਰਿਜੀਜੂ ਨੇ ਪਹਿਲਾਂ ਕਿਹਾ ਸੀ ਕਿ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਜਾਂ ਇੱਕ ਕੁਆਲੀਫਾਇਰ ਅਤੇ ਇੱਕ ਵੱਡਾ ਟੂਰਨਾਮੈਂਟ ਖੇਡਣ ਵਾਲੇ ਖਿਡਾਰੀਆਂ ਲਈ ਪੜਾਅਵਾਰ ਸਿਖਲਾਈ ਸ਼ੁਰੂ ਕੀਤੀ ਜਾਏਗੀ। ਇਸ ਤੋਂ ਪਹਿਲਾਂ, ਰਿਜੀਜੂ ਨੇ ਖਿਡਾਰੀਆਂ ਨੂੰ ਲੌਕਡਾਊਨ 3 ਦੇ ਦੌਰਾਨ ਖੇਡਾਂ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਸੁਝਾਅ ਮੰਗੇ ਸਨ। ਸਾਰੇ ਖਿਡਾਰੀਆਂ ਨੇ ਰਿਜੀਜੂ ਨੂੰ ਇੱਕ ਰਾਏ ਵਿੱਚ ਕਿਹਾ ਸੀ ਕਿ ਉਹ ਸਮਾਜਿਕ ਦੂਰੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤੋਂ ਬਾਅਦ ਅਭਿਆਸ ਲਈ ਇੱਕ ਵਾਰ ਫਿਰ ਮੈਦਾਨ ਵਿੱਚ ਪਰਤਣ ਲਈ ਤਿਆਰ ਹਨ।