Sri Guru Granth Sahib : ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਜਿਸ ਨੂੰ ਸਿੱਖ ਧਰਮ ਦੇ ਦਸ ਮਨੁੱਖੀ ਗੁਰੂਆਂ ਦੇ ਵੰਸ਼ ਤੋਂ ਬਾਅਦ ਅੰਤਮ, ਪ੍ਰਭੂਸੱਤਾ ਅਤੇ ਸਦੀਵੀ ਜੀਵਿਤ ਗੁਰੂ ਮੰਨਦੇ ਹਨ। ਆਦਿ ਗ੍ਰੰਥ, ਇਸ ਦਾ ਪਹਿਲਾ ਤਰਜਮਾ, ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਿਤ ਕੀਤਾ ਗਿਆ ਸੀ। ਇਸ ਦਾ ਸੰਗ੍ਰਹਿ 29 ਅਗਸਤ 1604 ਨੂੰ ਪੂਰਾ ਹੋ ਗਿਆ ਸੀ ਅਤੇ 1 ਸਤੰਬਰ 1604 ਨੂੰ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਅੰਦਰ ਪਹਿਲਾਂ ਸਥਾਪਤ ਕੀਤਾ ਗਿਆ ਸੀ। ਇਸ ਵਿੱਚ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਰਜ ਹੈ, ਜਿਸ ਦੇ 1430 ਅੰਗ ਹਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ. ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸਿੱਖਾਂ ਨੂੰ ਸੰਦੇਸ਼ ਦਿੱਤਾ ਕਿ ਅੱਜ ਤੋਂ ਇਹ ਗ੍ਰੰਥ ਹੀ ਤੁਹਾਡੇ ਗੁਰੂ ਹਨ। ਜਿਸ ਗੱਲ ਦਾ ਵੀ ਜਵਾਬ ਚਾਹੀਦਾ ਹੋਵੇ, ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਸ੍ਰੀ ਗੁਰੁ ਗ੍ਰੰਥ ਸਾਹਿਬ ‘ਚ ਮਿਲਣਗੇ।
ਪੰਜਵੇ ਪਤਾਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੇ ਭਗਤਾਂ, ਗੁਰੂਆਂ, ਸੰਤਾਂ ਜਿਨ੍ਹਾਂ ਵਿਚੋਂ ਕਈ ਹਿੰਦੂ ਧਰਮ ‘ਤੇ ਕਈ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਸਨ, ਉਨ੍ਹਾਂ ਦੀ ਬਾਣੀ ਇਕੱਤਰ ਕਰਕੇ ਭਾਈ ਗੁਰਦਾਸ ਜੀ ਤੋਂ ਗੁਰਮੁਖੀ ਲਿਪੀ ਦੇ ਵਿਚ ਇੱਕ ਗ੍ਰੰਥ ਤਿਆਰ ਕਰਵਾਇਆ ਤੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਿਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ, ਇਸ ਗ੍ਰੰਥ ‘ਚ ਦਰਜ ਹਨ। ਇਸ ਗ੍ਰੰਥ ਵਿੱਚ ਗੁਰੂਆਂ ਦੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ।
1430 ਅੰਗਾਂ ਵਾਲੀ ਬੀੜ ਸਾਹਿਬ ‘ਚ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਦਰਜ ਹੈ। ਭਗਤਾਂ ਦੇ 349 ਸ਼ਬਦ ਹਨ ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹਨ। ਜਿਨ੍ਹਾਂ ਵਿੱਚ ਭਗਤ ਕਬੀਰ ਜੀ ਦੇ 224, ਭਗਤ ਭੀਖਨ ਜੀ ਦੇ 2, ਭਗਤ ਨਾਮਦੇਵ ਜੀ ਦੇ 61, ਭਗਤ ਸੂਰਦਾਸ ਜੀ ਦੇ 1 (ਸਿਰਫ਼ ਤੁਕ), ਭਗਤ ਰਵਿਦਾਸ ਜੀ ਦੇ 40, ਭਗਤ ਪਰਮਾਨੰਦ ਜੀ ਦਾ 1, ਭਗਤ ਤ੍ਰਿਲੋਚਨ ਜੀ ਦੇ 4, ਭਗਤ ਸੈਣ ਜੀ ਦਾ 1, ਭਗਤ ਫਰੀਦ ਜੀ ਦੇ 4, ਭਗਤ ਪੀਪਾ ਜੀ ਦਾ 1, ਭਗਤ ਬੈਣੀ ਜੀ ਦੇ 3, ਭਗਤ ਸਧਨਾ ਜੀ ਦਾ 1, ਭਗਤ ਧੰਨਾ ਜੀ ਦੇ 3, ਭਗਤ ਰਾਮਾਨੰਦ ਜੀ ਦਾ 1, ਭਗਤ ਜੈਦੇਵ ਜੀ ਦਾ 2, ਗੁਰੂ ਅਰਜਨ ਦੇਵ ਜੀ ਦੇ 3 ਸ਼ਬਦ ਹਨ।
ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿੱਚ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ, ਭਗਤ ਕਬੀਰ ਜੀ ਦੇ 243 ਤੇ ਭਗਤ ਫਰੀਦ ਜੀ 130 ਸਲੋਕ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਕਈ ਨਾਂ ਵਰਤੇ ਗਏ, ਜਿਹਨਾਂ ਵਿੱਚ ਹਰਿ 8344 ,ਰਾਮ 2533, ਪ੍ਰਭੂ 1371, ਗੋਪਾਲ 491,ਗੋਬਿੰਦ 475 , ਪਰਮਾਤਮਾ 324 , ਕਰਤਾ 228 , ਠਾਕੁਰ 216 ,ਦਾਤਾ 151 , ਪਰਮੇਸ਼ਰ 139 , ਮੁਰਾਰੀ 97, ਨਾਰਾਇਣ 89 , ਅੰਤਰਜਾਮੀ 61 , ਜਗਦੀਸ 60 , ਸਤਿਨਾਮੁ 59 , ਮੋਹਨ 54 , ਅੱਲਾ 46 , ਭਗਵਾਨ 30 , ਨਿਰੰਕਾਰ 29 , ਕ੍ਰਿਸ਼ਨ 22 , ਵਾਹਿਗੁਰੂ 13 , ਭੱਟ ਅਤੇ ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿੱਚ ਹੈ। ਇਸ ਵਿੱਚ 6 ਪਉੜੀਆਂ ਦਰਜ ਹਨ। ਕੱਲਸਹਾਰ, ਜਾਲਪ, ਕੀਰਤ, ਭਿੱਖਾ, ਸਲ੍ਹ, ਭਲ੍ਹ, ਨਲ੍ਹ, ਬਲ੍ਹ, ਗਯੰਦ, ਹਰਿਬੰਸ, ਮਥਰਾ ਭੱਟਾਂ ਦੇ ਸਵਯੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਸ ਤਰ੍ਹਾਂ ਸਿੱਖ ਸੰਗਤਾਂ ਲਈ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਇਕੋ-ਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ ਅਤੇ ਬਾਣੀ ਹੀ ਗੁਰੂ ਹੈ।