SSP seriously injured on : ਬਰਨਾਲਾ ਤੋਂ ਐਸਐਸਪੀ ਸੰਦੀਪ ਗੋਇਲ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਐਸਐਸਪੀ ਕਿਸਾਨਾਂ ਵੱਲੋਂ ਖਾਲੀ ਕਰਨ ਤੋਂ ਬਾਅਦ ਰੇਲਵੇ ਟਰੈਕ ਦਾ ਜਾਇਜ਼ਾ ਲੈ ਰਹੇ ਹਨ, ਜਿਸ ਦੌਰਾਨ ਰੇਲਵੇ ਦੀ ਚੈਕਿੰਗ ਵਾਲੀ ਟਰਾਲੀ ਦਾ ਟਾਇਰ ਨਿਕਲ ਗਿਆ ਅਤੇ ਐਸਐਸਪੀ ਸੰਦੀਪ ਗੋਇਲ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਸ ਦੌਰਾਨ ਟਰਾਲੀ ’ਤੇ ਮੌਜੂਦ ਐਸਪੀ ਚੀਮਾ ਦੇ ਵੀ ਡਿੱਗਣ ਕਾਰਨ ਸੱਟਾਂ ਲੱਗੀਆਂ ਹਨ। ਦੋਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੇ ਵਾਪਰਣ ਪਿੱਛੋਂ ਰੇਲਵੇ ਦੇ ਪ੍ਰਬੰਧਾਂ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਐਸਐਸਪੀ ਸੰਦੀਪ ਗੋਇਲ ਕੁਝ ਹੋਰ ਮੁਲਾਜ਼ਮਾਂ ਨਾਲ ਅੱਜ ਰੇਲਵੇ ਟਰੈਕ ਦਾ ਜਾਇਜ਼ਾ ਲੈਣ ਪਹੁੰਚੇ ਸਨ। ਜਿਥੇ ਉਹ ਰੇਲਵੇ ਦੀ ਟਰਾਲੀ ’ਤੇ ਬੈਠ ਕੇ ਚੈਕਿੰਗ ਕਰ ਰਹੇ ਸਨ ਕਿ ਇਸੇ ਦੌਰਾਨ ਟਰਾਲੀ ਦਾ ਟਾਇਰ ਨਿਕਲ ਗਿਆ ਤੇ ਇਸ ਦੌਰਾਨ ਐਸਐਸਪੀ ਤੇ ਐਸਪੀ ਜਗਵਿੰਦਰ ਚੀਮਾ ਦੋਵੇਂ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਹੋਰ ਵੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਐਸਐਸਪੀ ਤੇ ਐਸਪੀ ਨੂੰ ਜ਼ਖਮੀ ਹਾਲਤ ਵਿੱਚ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਦੀ ਲੱਤ ’ਤੇ ਜ਼ਿਆਦਾ ਸੱਟ ਲੱਗੀ ਹੈ, ਜਿਥੇ ਟਾਂਕੇ ਲਗਾਏ ਜਾ ਰਹੀ ਹੈ। ਉਂਝ ਡਾਕਟਰਾਂ ਵੱਲੋਂ ਦੋਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੌਰਾਨ ਪੂਰਾ ਹਸਪਤਾਲ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਐਮਰਜੈਂਸੀ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਦੇ ਐਕਸਰੇ ਲਏ ਗਏ ਹਨ ਕਿਸੇ ਗੰਭੀਰ ਸੱਟ ਬਾਰੇ ਐਕਸਰੇ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।
ਇਥੇ ਰੇਲਵੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਵੀ ਲਾਪਰਵਾਹੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਬਿਨਾਂ ਚੈੱਕ ਕਰਵਾਏ ਚੈਕਿੰਗ ਟਰਾਲੀ ਭੇਜੀ ਸੀ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਟਰਾਲੀ ਦੀ ਸਮਰੱਥਾ ਤਿੰਨ ਲੋਕਾਂ ਨੂੰ ਬਿਠਾਉਣ ਦੀ ਸੀ ਤੇ ਉਥੇ 4-5 ਲੋਕਾਂ ਨੂੰ ਬਿਠਾਇਆ ਗਿਆ ਸੀ, ਜਿਸ ਦੇ ਚੱਲਦਿਆਂ ਇਹ ਟਾਇਰ ਨਿਕਲ ਗਿਆ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ। ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਪੁਲਿਸ ਅਧਿਕਾਰੀਆਂ ਨੂੰ ਰੇਲਵੇ ਟਰੈਕ ਦਾ ਮੁਆਇਨਾ ਕਰਕੇ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਇਸੇ ਦੇ ਚੱਲਦਿਆਂ ਐਸਐਸਪੀ ਚੈਕਿੰਗ ਲਈ ਗਏ ਸਨ। ਉਥੇ ਹੀ ਬਰਨਾਲਾ ਤੋਂ ਵਿੱਚ ਵੀ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ, ਹਾਲਾਂਕਿ ਸਟੇਸ਼ਨ ਦੇ ਇੱਕ ਸਾਈਡ ‘ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।