Statement of Sukhpal Khehra : ਚੰਡੀਗੜ੍ਹ : ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖ਼ਪਾਲ ਸਿੰਘ ਖ਼ਹਿਰਾ ਦੇ ਘਰ ਅਤੇ ਵੱਖ-ਵੱਖ ਰਿਹਾਇਸ਼ਾਂ ’ਤੇ ਈ.ਡੀ. ਦੀ ਰੇਡ ਤੋਂ ਬਾਅਦ ਵਿਧਾਇਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਈਡੀ ਦੀ ਰੇਡ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਉਠਾਈ ਜਾ ਰਹੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਦੀ ਹੈ ਅਤੇ ਸਰਕਾਰ ਉਨ੍ਹਾਂ ਕੋਲੋਂ ਡਰਦੀ ਹੈ।
ਖ਼ਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਯੂ.ਏ.ਪੀ.ਏ. ਦਾ ਵਿਰੋਧ ਕਰਨ, ਕਿਸਾਨ ਅੰਦੋਲਨ ਨਾਲ ਖੜ੍ਹੇ ਹੋਣ, ਉੱਤਰ ਪ੍ਰਦੇਸ਼ ਦੇ ਕਿਸਾਨ ਨਵਰੀਤ ਸਿੰਘ ਦੇ ਮਾਮਲੇ ਵਿੱਚ ਜਾਂਚ ਕਰਵਾਉਣ ਲਈ ਆਵਾਜ਼ ਉਠਾਉਣ ਕਰਕੇ ਉਨ੍ਹਾਂ ਨੂੰ ਕੇਂਦਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਕਾਰ ਹਰ ਉਸ ਵਿਅਕਤੀ ਦੀ ਆਵਾਜ਼ ਦੱਬਣਾ ਚਾਹੁੰਦੀ ਹੈ ਜੋ ਕਿਸੇ ਵੀ ਮੁੱਦੇ ’ਤੇ ਸਰਕਾਰ ਦੀ ਅਲੋਚਨਾ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਈ.ਡੀ. ਵੱਲੋਂ ਉਨ੍ਹਾਂ ਨੂੰ ਕੇਵਲ ‘ਮਨੀ ਲਾਂਡਰਿੰਗ’ ਸੰਬੰਧੀ ਹੀ ਨੋਟਿਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਬਾਰੇ ਜਾਅਲੀ ਪਾਸਪੋਰਟ ਆਦਿ ਬਾਰੇ ਜੋ ਗੱਲ ਫ਼ੈਲਾਈ ਜਾ ਰਹੀ ਹੈ, ਉਸ ਵਿੱਚ ਜ਼ਰਾ ਵੀ ਸੱਚਾਈ ਨਹੀਂ ਹੈ।
ਦੱਸਣਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਵਿੱਚ ਸੈਕਟਰ-5 ਸਥਿਤ ਘਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅੱਜ ਸਵੇਰੇ ਛਾਪਾ ਮਾਰਿਆ। ਇਹ ਰੇਡ ਸਵੇਰੇ ਲਗਭਗ 7.30 ਵਜੇ ਦੇ ਕਰੀਬ ਮਾਰੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਅਤੇ ਜਾਅਲੀ ਪਾਸਪੋਰਟ ਰੈਕੇਟ ਦੇ ਕੇਸਾਂ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਸਬੰਧਤ ਪੰਜ ਜਾਇਦਾਦਾਂ ’ਤੇ ਛਾਪੇ ਮਾਰੇ ਹਨ। ਇਸ ਮਾਮਲੇ ਨੂੰ ਅੱਜ ਵਿਧਾਨ ਸਭਾ ਵਿੱਚ ਉਠਾਉਂਦੇ ਹੋਏ ਵਿਧਾਇਕ ਪਰਮਿੰਦਰ ਢੀਂਡਸਾ ਤੇ ਕੰਵਰ ਸੰਧੂ ਸਣੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਨੇ ਵੀ ਖਹਿਰਾ ਦਾ ਸਮਰਥਨ ਕੀਤਾ।