ਕੋਰੋਨਾ ਕਾਲ ਦੌਰਾਨ ਇੱਕ ਪਾਸੇ ਜਿਥੇ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਨਸੀਬ ਹੋਣੀ ਵੀ ਮੁਸ਼ਕਲ ਹੋ ਰਹੀ ਹੈ, ਉਥੇ ਹੀ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਸੀ, ਸਗੋਂ ਮਹਿੰਗਾਈ ਵਧਦੀ ਜਾ ਰਹੀ ਹੈ। ਇਸ ਵਧਦੀ ਮਹਿੰਗਾਈ ਨੂੰ ਲੈ ਕੇ ਤਿੰਨ ਦਿਨ ਪਹਿਲਾਂ ਸੰਸਦ ਮੈਂਬਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਾਉਣ ਵਾਲੇ ਯੂਥ ਕਾਂਗਰਸ ਦੇ ਨੇਤਾ ਐਤਵਾਰ ਨੂੰ ਪਠਾਨਕੋਟ ਦੇ ਆਧੁਨਿਕ ਵਿਹਾਰ ਸਥਿਤ ਸੰਸਦ ਮੈਂਬਰ ਸੰਨੀ ਦਿਓਲ ਦੀ ਕੋਠੀ ਦੇ ਸਾਹਮਣੇ ਅਜੀਬੋ-ਗਰੀਬ ਤਰੀਕੇ ਨਾਲ ਪ੍ਰਦਰਸ਼ਨ ਕੀਤਾ।
ਇਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਮਹਿੰਗੇ ਰਸੋਈ ਗੈਸ ਦਾ ਹਵਾਲਾ ਦੇ ਕੇ ਕਾਗਜ਼ ਨਾਲ ਅੱਗ ਬਾਲ਼ੀ ਅਤੇ ਪਾਣੀ ਵਿੱਚ ਪਕੌੜੇ ਕੱਢੇ। ਇਸ ਤੋਂ ਬਾਅਦ ਪਕੌੜਿਆਂ ਦੇ ਤਿੰਨ ਪੈਕੇਟ ਪੈਕ ਕੀਤੇ। ਇਨ੍ਹਾਂ ਵਿੱਚ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੂਸਰਾ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਤੀਜਾ ਸੰਸਦ ਮੈਂਬਰ ਸੰਨੀ ਦਿਓਲ ਲਈ ਪੈਕ ਕੀਤਾ।
ਇਸ ਤੋਂ ਬਾਅਦ ਸੰਸਦ ਮੈਂਬਰ ਸੰਨੀ ਦਿਓਲ ਦੇ ਪਠਾਨਕੋਟ ਦਫਤਰ ਇੰਚਾਰਜ ਪੰਕਜ ਜੋਸ਼ੀ ਨੂੰ ਦੇਣ ਗਏ। ਹਾਲਾਂਕਿ, ਜੋਸ਼ੀ ਉਥੇ ਨਹੀਂ ਮਿਲਿਆ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੇ ਉਕਤ ਪਕੌੜਿਆਂ ਨੂੰ ਕੋਠੀ ਦੇ ਮੁੱਖ ਗੇਟ ’ਤੇ ਰੱਖ ਕੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਜਨਰਲ ਸਕੱਤਰ ਵਰੁਣ ਕੋਹਲੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਹ ਪ੍ਰਦਰਸ਼ਨ ਲਗਭਗ ਡੇਢ ਘੰਟੇ ਚੱਲਦਾ ਰਿਹਾ।
ਜਨਰਲ ਸੱਕਤਰ ਵਰੁਣ ਕੋਹਲੀ ਨੇ ਕਿਹਾ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਦੂਰ ਕਰਨ ਦਾ ਵਿਖਾਵਾ ਕਰਕੇ ਸੱਤਾ ਹਥਿਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੌਜਵਾਨਾਂ ਨੂੰ ਪਕੌੜਿਆਂ ਨੂੰ ਤਲਣ ਦਾ ਸੁਝਾਅ ਦਿੱਤਾ ਸੀ। ਬਹੁਤ ਸਾਰੇ ਲੋਕਾਂ ਨੇ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ ਅਤੇ ਪਕੌੜਿਆਂ ਨੂੰ ਤਲਣਾ ਸ਼ੁਰੂ ਕਰ ਦਿੱਤਾ. ਪਰ ਹੁਣ ਸਰ੍ਹੋਂ ਦਾ ਤੇਲ 200 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ। ਐਲਪੀਜੀ ਸਿਲੰਡਰ ਇਕ ਹਜ਼ਾਰ ਤੱਕ ਪਹੁੰਚ ਗਏ। ਅਜਿਹੀ ਸਥਿਤੀ ਵਿਚ ਕੇਂਦਰ ਸਰਕਾਰ ਨੇ ਇਹ ਰੋਜ਼ਗਾਰ ਵੀ ਖੋਹ ਲਿਆ।
ਇਹ ਵੀ ਪੜ੍ਹੋ : ਵੈਕਸੀਨ ਵੇਚਣ ਦਾ ਮੁੱਦਾ ਭਖਿਆ, ‘ਆਪ’ ਨੇ ਬੈਰੀਕੇਡ ਤੋੜ ਘੇਰੀ ਸਿਹਤ ਮੰਤਰੀ ਦੀ ਕੋਠੀ, ਪੁਲਿਸ ਨੇ ਲਏ ਹਿਰਾਸਤ ‘ਚ
ਮਹਾਮਾਰੀ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਸਸਤੀਆਂ ਕਰਨ ਦੀ ਬਜਾਏ ਕੀਮਤਾਂ ਵਿੱਚ ਚਾਰ ਗੁਣਾ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਦੋ ਵੇਲੇ ਦਾ ਖਾਣਾ ਤੱਕ ਮੁਸ਼ਕਲ ਹੋ ਰਿਹਾ ਹੈ। ਸਭ ਕੁਝ ਮਹਿੰਗਾ ਹੋ ਰਿਹਾ ਹੈ, ਜਿਸ ਕਾਰਨ ਦੇਸ਼ ਦਾ ਤਕਰੀਬਨ ਹਰ ਵਰਗ ਨਾਖੁਸ਼ ਹੈ। ਯੂਥ ਕਾਂਗਰਸ ਦੇ ਨੇਤਾ ਅੰਕਿਤ ਮਹਿਰਾ ਨੇ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ ‘ਤੇ ਅਸਫਲ ਸਾਬਤ ਹੋਈ ਹੈ। ਹੁਣ ਦੇਸ਼ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਪੂਰੇ ਮੰਤਰੀ ਮੰਡਲ ਦੇ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਹੈ।