Strict action will be taken : ਚੰਡੀਗੜ੍ਹ ਵਿਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਗਏ ਹਨ, ਜਿਸ ਅਧੀਨ 1 ਜੂਨ ਤੋਂ 15 ਜੁਲਾਈ ਤੱਕ ਸ਼ਹਿਰ ਵਿਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁੱਧ ਸਖਤ ਰਵੱਈਆ ਅਪਣਾਇਆ ਜਾਵੇਗਾ। ਇਸ ਦੇ ਲਈ ਨਗਰ ਨਿਗਮ ਵੱਲੋਂ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ 18 ਟੀਮਾਂ ਦਾ ਗਠਨ ਕੀਤਾ ਗਿਆ ਹੈ। ਹੁਣ ਸ਼ਹਿਰ ਵਿਚ 1 ਜੂਨ ਤੋਂ ਵਾਹਨਾਂ ਨੂੰ ਧੋਣ ਅਤੇ ਬਗੀਚਿਆਂ ਵਿਚ ਪੀਣ ਵਾਲੇ ਪਾਣੀ ਨਾਲ ਸਿੰਚਾਈ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਡੇਢ ਮਹੀਨਿਆਂ ਤੱਕ ਕਾਰਵਾਈ ਕਰਨ ਵਾਲੀਆਂ ਟੀਮਾਂ ਦੇ ਗਠਨ ‘ਤੇ ਕਮਿਸ਼ਨਰ ਕੇ.ਕੇ. ਯਾਦਵ ਨੇ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਿਆਦ ਦੌਰਾਨ ਪੀਣ ਵਾਲੇ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਬਰਬਾਦੀ ਕਰਨ ਵਾਲਿਆਂ ਲਈ ਦੋ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਜੇਕਰ ਚਲਾਨ ਤੋਂ ਬਾਅਦ ਦੁਬਾਰਾ ਫੜ ਲਿਆ ਗਿਆ ਤਾਂ ਜੁਰਮਾਨਾ ਨੋਟਿਸ ਦੇ ਨਾਲ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਦੇ ਨਾਲ ਜੇ ਕਿਸੇ ਦਾ ਕੂਲਰ ਅਤੇ ਛੱਤ ‘ਤੇ ਟੈਂਕ ਵੀ ਭਰਿਆ ਹੋਇਆ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਦਾ ਚਲਾਨ ਵੀ ਕੱਟ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਬਣੀਆਂ ਟੀਮਾਂ 1 ਜੂਨ ਤੋਂ 15 ਜੁਲਾਈ ਤੱਕ ਸ਼ਹਿਰ ਵਿਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ‘ਤੇ ਨਜ਼ਰ ਰੱਖਣਗੀਆਂ। ਜੇ ਕਿਸੇ ਨੇ ਗੈਰ ਕਾਨੂੰਨੀ ਢੰਗ ਨਾਲ ਵਾਟਰ ਸਪਲਾਈ ਲਾਈਨ ਵਿਚ ਸਿੱਧਾ ਬੂਸਟਰ ਪੰਪ ਲਗਾਇਆ ਹੈ ਤਾਂ ਅਜਿਹੀ ਸਥਿਤੀ ਵਿਚ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਕੁਨੈਕਸ਼ਨ ਕੱਟਣ ਲਈ ਕੋਈ ਵੱਖਰਾ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ। ਪਿਛਲੇ ਸਾਲ, ਨਗਰ ਨਿਗਮ ਨੇ 15 ਅਪ੍ਰੈਲ ਤੋਂ ਪਾਣੀ ਦੇ ਬਰਬਾਦ ਕਰਨ ਵਾਲਿਆਂ ਦੇ ਚਲਾਨ ਕੱਟਣ ਦਾ ਫੈਸਲਾ ਲਿਆ ਸੀ, ਪਰ ਇਸ ਵਾਰ ਨਗਰ ਨਿਗਮ ਨੇ ਕੋਰੋਨਾ ਕਾਰਨ ਹੋਏ ਤਾਲਾਬੰਦੀ ਕਾਰਨ ਇਸ ਮੁਹਿੰਮ ਦੀ ਸ਼ੁਰੂਆਤ ਨਹੀਂ ਕੀਤੀ।