Strict order issued for sangat : ਪਾਕਿਸਤਾਨ ਸਰਕਾਰ ਨੇ 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਸਿੱਖ ਸੰਗਤ ਨੂੰ ਆਪਣੀ ਕੋਰੋਨਾ ਰਿਪੋਰਟ ਨਾਲ ਲਿਆਉਣ ਦੇ ਹੁਕਮ ਦਿੱਤੇ ਹਨ। ਉਥੇ ਹੀ ਕੋਰੋਨਾ ਦੇ ਚੱਲਦਿਆਂ ਪਾਕਿਸਤਾਨ ਸਰਕਾਰ ਨੇ ਇਸ ਵਾਰ ਯਾਤਰਾ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਤੱਕ ਸੀਮਤ ਕਰ ਦਿੱਤਾ ਹੈ। ਇਸ ਵਾਰ ਸੰਗਤ ਨੂੰ ਸਿਰਫ ਪੰਜ ਦਿਨਾਂ ਦਾ ਵੀਜ਼ਾ ਜਾਰੀ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ, ਪਾਕਿਸਤਾਨ ਸਰਕਾਰ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਭਾਰਤੀ ਸ਼ਰਧਾਲੂਆਂ ਨੂੰ ਦਸ ਦਿਨਾਂ ਦਾ ਵੀਜ਼ਾ ਜਾਰੀ ਕਰਦੀ ਰਹੀ ਹੈ। ਪਾਕਿਸਤਾਨ ਸਰਕਾਰ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਲਈ 27 ਨਵੰਬਰ ਨੂੰ ਬਾਰਡਰ ਖੋਲ੍ਹ ਦੇਵੇਗੀ। ਸ਼ਰਧਾਲੂ ਇਸ ਰਸਤੇ ਰਾਹੀਂ ਪਾਕਿਸਤਾਨ ਜਾ ਸਕਣਗੇ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਝੌਤਾ ਐਕਸਪ੍ਰੈਸ ਸਮੇਤ ਆਵਾਜਾਈ ਦੇ ਸਾਰੇ ਰਸਤੇ ਫਰਵਰੀ 2019 ਤੋਂ ਬੰਦ ਕਰ ਦਿੱਤੇ ਗਏ ਹਨ। ਉਥੇ ਹੀ ਕਰਤਾਰਪੁਰ ਕਾਰੀਡੋਰ ਇਸ ਸਾਲ ਮਾਰਚ ਤੋਂ ਬੰਦ ਹੈ। ਪੀਐਸਜੀਪੀਸੀ 30 ਨਵੰਬਰ ਨੂੰ ਪ੍ਰਕਾਸ਼ ਪੁਰਬ ’ਤੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦਾ ਆਯੋਜਨ ਕਰੇਗੀ।
ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਨੂੰ 18 ਅਕਤੂਬਰ ਤੱਕ ਯਾਤਰਾ ਦਫਤਰ ਵਿਚ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਐਸਜੀਪੀਸੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦੋਸ ਦੇ ਅਨੁਸਾਰ, ਸ਼ਰਧਾਲੂਆਂ ਨੂੰ ਆਪਣੇ ਪਾਸਪੋਰਟ ਦੇ ਨਾਲ-ਨਾਲ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਸਿਫਾਰਿਸ ਪੱਤਰ ਦੀ ਇੱਕ ਕਾਪੀ, ਤਿੰਨ ਫੋਟੋਆਂ, ਪਛਾਣ ਪੱਤਰ, ਆਧਾਰ ਕਾਰਡ, ਵੋਟਰ ਕਾਰਡ ਜਾਂ ਰਾਸ਼ਨ ਕਾਰਡ ਵੀ ਜਮ੍ਹਾਂ ਕਰਵਾਉਣੇ ਹੋਣਗੇ। ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ, ਵਿਸਾਖੀ ਦਾ ਤਿਉਹਾਰ, ਸਿੱਖ ਧਰਮ ਦਾ ਸਥਾਪਨਾ ਦਿਵਸ, ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ’ਤੇ ਸੰਗਤ ਪਾਕਿਸਤਾਨ ਨਹੀਂ ਪਹੁੰਚ ਸਕੀ।