ਚੰਡੀਗੜ੍ਹ: ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਲਗਾਤਾਰ ਕੋਸ਼ਿਸ਼ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਜਿਲ੍ਹਾ ਮਲੇਰਕੋਟਲਾ ਦੇ ਸੰਦੌਰ ਥਾਣੇ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਹਰਜਿੰਦਰ ਸਿੰਘ ((310/ਸੰਗਰੂਰ) ਨੂੰ 5,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏਐਸਆਈ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਲੇਰਕੋਟਲਾ ਦੇ ਪਿੰਡ ਝੁਨੇਰ ਦੇ ਵਸਨੀਕ ਸੰਦੀਪ ਸਿੰਘ ਸੋਨੂੰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ੀ ਪੁਲਿਸ ਅਧਿਕਾਰੀ ਨਾਲ ਆਪਣੀ ਮੁਲਾਕਾਤ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ ਹਰਜਿੰਦਰ ਸਿੰਘ ਨੇ ਨਸ਼ੀਲੇ ਪਦਾਰਥ ਰੱਖਣ ਦੇ ਸ਼ੱਕ ਦੇ ਤਹਿਤ ਉਸਦੇ ਘਰ ਦੀ ਤਲਾਸ਼ੀ ਲਈ ਸੀ।
ਇਹ ਵੀ ਪੜ੍ਹੋ : ਜੋੜਾਂ ‘ਚ ਦਰਦ, Low BP ਸਣੇ ਕਈ ਰੋਗਾਂ ਦਾ ਕਾਰਨ ਹੈ ਪਾਣੀ ਦੀ ਕਮੀ, ਹੋ ਸਕਦੀਆਂ ਨੇ ਇਹ 5 ਬੀਮਰੀਆਂ
ਹਾਲਾਂਕਿ ਤਲਾਸ਼ੀ ਦੌਰਾਨ ਕੋਈ ਵੀ ਨਜਾਇਜ਼ ਪਦਾਰਥ ਨਹੀਂ ਮਿਲਿਆ। ਇਸ ਦੇ ਬਾਵਜੂਦ ਏਐਸਆਈ ਨੇ ਸ਼ਿਕਾਇਤਕਰਤਾ ਨੂੰ ਐਨਡੀਪੀਐਸ ਐਕਟ ਤਹਿਤ ਫਸਾਉਣ ਤੋਂ ਬਚਣ ਲਈ 7,000 ਰੁਪਏ ਦਾ ਭੁਗਤਾਨ ਕਰਨ ‘ਤੇ ਜ਼ੋਰ ਦਿੱਤਾ। ਮਾਮਲਾ ਸੁਲਝਾਉਣ ਲਈ ਸ਼ਿਕਾਇਤਕਰਤਾ ਨੇ 5,000 ਰੁਪਏ ਦੀ ਰਿਸ਼ਵਤ ਦੇਣ ਲਈ ਸਹਿਮਤ ਹੋ ਗਿਆ। ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫਆਈਆਰ 14 ਮਿਤੀ 4 ਅਕਤੂਬਰ 2023 ਨੂੰ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਭਲਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।