Suicide of mother and daughter : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਿਟੀ ਦੀ ਪੁਲਿਸ ਨੇ ਗੁਰੂ ਤੇਗ ਬਹਾਦੁਰ ਨਗਰ ਵਿਖੇ ਬੀਤੀ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਗਰਭਵਤੀ ਔਰਤ ਨੇ ਡਿਲਵਰੀ ਤੋਂ ਇੱਕ ਦਿਨ ਪਹਿਲਾਂ ਆਪਣੀ ਮਾਂ ਤੇ 9 ਸਾਲਾ ਧੀ ਸਣੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਔਰਤ ਦਾ ਪਤੀ ਉਸ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ‘ਤੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ। ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅੱਜ ਉਸ ਦੀ ਡਿਲਵਰੀ ਹੋਣੀ ਸੀ। ਪੁਲਿਸ ਵੱਲੋਂ ਮ੍ਰਿਤਕਾ ਗੀਤਇੰਦਰ ਕੌਰ ਦੇ ਪਤੀ ਰਾਜਾ ਪੰਨੂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੰਜਾਬ ਰੋਡਵੇਜ਼ ਵਿੱਚ ਇੰਸਪੈਕਟਰ ਅਜੀਤ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਲੜਕੀ ਗੀਤਇੰਦਰ ਕੌਰ ਨੂੰ ਰੋਡਵੇਜ਼ ਵਿੱਚ ਕਲਰਕ ਦੀ ਨੌਕਰੀ ਮਿਲੀ। ਇਸ ਤੋਂ ਪਹਿਲਾਂ ਗੀਤਇੰਦਰ ਕੌਰ ਦਾ ਵਿਆਹ ਲਵਪ੍ਰੀਤ ਸਿੰਘ ਨਾਮ ਦੇ ਨੌਜਵਾਨ ਨਾਲ ਹੋਇਆ ਸੀ, ਪਰ ਪਤੀ ਨਾਲ ਮਤਭੇਦ ਹੋਣ ਕਾਰਨ ਗੀਤਇੰਦਰ ਕੌਰ ਨੇ ਉਸ ਨੂੰ ਤਲਾਕ ਦੇ ਦਿੱਤਾ। ਇਸ ਤੋਂ ਬਾਅਦ ਗੀਤਇੰਦਰ ਕੌਰ ਆਪਣੀ ਮਾਸੂਮ ਬੇਟੀ ਨੂਰਦੀਪ ਕੌਰ ਉਰਫ ਨੂਰ (9) ਨਾਲ ਰਹਿਣ ਲੱਗੀ। ਗੀਤਇੰਦਰ ਕੌਰ ਦੀ ਮਾਤਾ ਪ੍ਰੀਤਮ ਕੌਰ (62) ਵੀ ਇਥੇ ਰਹਿਣ ਲੱਗੀ। ਇਸ ਸਮੇਂ ਦੌਰਾਨ ਇੱਕ ਸਾਲ ਪਹਿਲਾਂ ਗੀਤਇੰਦਰ ਕੌਰ ਗੁਰੂ ਤੇਗ ਬਹਾਦਰ ਨਗਰ ਦੇ ਵਸਨੀਕ ਰਾਜਬੀਰ ਸਿੰਘ ਉਰਫ ਰਾਜਾ ਪੰਨੂੰ ਨਾਲ ਸੰਪਰਕ ਵਿੱਚ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਇਹ ਜਾਣਕਾਰੀ ਦਿੰਦਿਆਂ ਗੀਤਇੰਦਰ ਕੌਰ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਰਾਜਾ ਆਪਣੀ ਪਤਨੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਸੀ। ਦਾਜ ਦੀ ਮੰਗ ਕਈ ਵਾਰ ਕੀਤੀ ਗਈ ਸੀ। ਇਸ ‘ਤੇ ਪ੍ਰੀਤਮ ਕੌਰ ਨੇ 25 ਲੱਖ ਵਿੱਚ ਆਪਣਾ ਮਕਾਨ ਵੇਚ ਕੇ ਦਾਜ ਦਿੱਤਾ। ਦੋ ਮਹੀਨੇ ਪਹਿਲਾਂ ਸਕੂਟੀ ਵੀ ਖਰੀਦ ਕੇ ਦਿੱਤੀ ਗਈ। ਰਾਈਸ ਮਿਲੱ ‘ਤੇ ਸਕਿਓਰਿਟੀ ਗਾਰਡ ਦਾ ਕੰਮ ਕਰਨ ਵਾਲੇ ਰਾਜਾ ਪੰਨੂ ਵੱਲੋਂ ਆਪਣੀ ਪਤਨੀ ਨੂੰ ਇਹ ਕਹਿ ਕੇ ਪ੍ਰੇਸ਼ਾਨ ਕੀਤਾ ਜਾਂਦਾ ਸੀ ਕਿ ਉਸ ਦਾ ਚਰਿੱਤਰ ਠੀਕ ਨਹੀਂ ਹੈ। ਇਥੋਂ ਤੱਕ ਕੀ ਸਰਕਾਰੀ ਨੌਕਰੀ ਦੀ ਮਿਲਣ ਵਾਲੀ ਤਨਖਾਹ ਵੀ ਰਾਜਾ ਖੁਦ ਹੜਪ ਕਰਨਾ ਚਾਹੁੰਦਾ ਸੀ।
ਪੁਲਿਸ ਜਾਂਚ ਅਨੁਸਾਰ ਰਾਜਾ ਪੰਨੂ ਦੀ ਗੀਤਇੰਦਰ ਕੌਰ ਦੇ ਪਹਿਲੇ ਪਤੀ ਲਵਪ੍ਰੀਤ ਸਿੰਘ ਨਾਲ ਦੋਸਤੀ ਕੀਤੀ ਸੀ। ਇਸ ਤੋਂ ਬਾਅਦ ਉਹ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਿਰਦਾਰ ਸੀ। ਗੀਤਇੰਦਰ ਕੌਰ ਨੌਂ ਮਹੀਨਿਆਂ ਦੀ ਗਰਭਵਤੀ ਸੀ, ਜਿਸ ਨੇ ਅੱਜ ਵੀਰਵਾਰ ਨੂੰ ਇਕ ਨਿੱਜੀ ਹਸਪਤਾਲ ਵਿੱਚ ਡਿਲਵਰੀ ਲਈ ਜਾਣਾ ਸੀ। ਡਿਲਵਰੀ ਤੋਂ ਇਕ ਦਿਨ ਪਹਿਲਾਂ, ਉਸਦੇ ਪਤੀ ਨੇ ਗੀਤਇੰਦਰ ਕੌਰ ਨੂੰ ਮਿਹਣੇ ਮਾਰੇ। ਇਸ ਤੋਂ ਬਾਅਦ ਗੀਤਇੰਦਰ ਕੌਰ ਨੇ ਆਪਣੀ ਮਾਸੂਮ ਲੜਕੀ ਨੂਰਦੀਪ ਕੌਰ ਨੂਰ ਨਾਲ ਆਪਣੀ ਜ਼ਿੰਦਗੀ ਖਤਮ ਕਰਨ ਦਾ ਫ਼ੈਸਲਾ ਕੀਤਾ। ਗੀਤਇੰਦਰ ਕੌਰ ਨੇ ਸਾਰੀ ਗੱਲ ਆਪਣੀ ਮਾਂ ਨੂੰ ਵੀ ਦੱਸੀ ਸੀ। ਜਿਸ ਕਾਰਨ ਮਾਂ ਪ੍ਰੀਤਮ ਕੌਰ ਵੀ ਆਪਣੀ ਧੀ ਅਤੇ ਦੋਹਤੀ ਨਾਲ ਖੁਦਕੁਸ਼ੀ ਕਰਨ ਲਈ ਰਾਜ਼ੀ ਹੋ ਗਈ।
ਖੁਦਕੁਸ਼ੀ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਫਿਰ ਵਾਪਿਸ ਆ ਕੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਸਭ ਤੋਂ ਪਹਿਲਾਂ ਗੀਤਇੰਦਰ ਕੌਰ ਨੇ ਆਪਣੀ ਮਾਸੂਮ ਲੜਕੀ ਨੂਰਦੀਪ ਕੌਰ ਨੂੰ ਸਲਫਾਸ ਦੀ ਗੋਲੀ ਖੁਆਈ। ਇਸ ਤੋਂ ਬਾਅਦ ਪ੍ਰੀਤਮ ਕਰ ਨੇ ਗੋਲੀਆਂ ਨਿਗਲੀਆਂ ਤੇ ਅਖੀਰ ਵਿੱਚ ਗੀਤਇੰਦਰ ਨੇ ਆਪਣੀ ਧੀ ਅਤੇ ਮਾਂ ਨਾਲ ਮੋਬਾਈਲ ‘ਤੇ ਆਖਰੀ ਫੋਟੋ ਕਲਿੱਕ ਕਰੇਕ ਆਪਣੀ ਮਾਸੀ ਗੁਰਮੀਤ ਕੌਰ ਨੂੰ ਵੀਡੀਓ ਕਾਲ ਰਾਹੀਂ ਜਾਣਕਾਰੀ ਦਿੱਤੀ ਤੇ ਮਾਫੀ ਮੰਗੀ। ਪੁਲਿਸ ਵੱਲੋਂ ਉਸ ਦੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੇਸ ਦੀ ਜਾਂਚ ਕਰ ਰਹੇ ਏਐਸਆਈ ਬਲਵਿੰਦਰ ਲਾਲ ਨੇ ਦੱਸਿਆ ਕਿ ਰਾਜਾ ਪੰਨੂ ਨੇ ਮੰਨਿਆ ਕਿ ਉਹ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਗੀਤਇੰਦਰ ਕੌਰ ਦੀ ਮਾਸੀ ਗੁਰਮੀਤ ਕੌਰ ਨਿਵਾਸੀ ਮਲੋਟ ਦੇ ਬਿਆਨਾਂ ’ਤੇ ਧਾਰਾ 306 ਅਧੀਨ ਕੇਸ ਦਰਜ ਕੀਤਾ ਗਿਆ ਹੈ।