Sukhbir and Biba Harsimrat Badal : ਚੰਡੀਗੜ੍ਹ: ਕੇਂਦਰੀ ਮੰਤਰ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਤੇ ਐਮ ਪੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ 21 ਸਤੰਬਰ ਨੂੰ ਸਵੇਰੇ 11 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਘਰ ਵਿੱਚ ਸੀਸ ਨਿਵਾਉਣਗੇ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਹੋਣਗੇ। ਉਹ ਕਿਸਾਨਾਂ ਲਈ ਆਪਣਾ ਫਰਜ਼ ਨਿਭਾਉਣ ਲਈ ਦਿੱਤੇ ਗਏ ਬਲ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਗੁਰੂ ਘਰ ਵਿੱਚ ਨਤਮਸਤਕ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਦੋਵੇਂ ‘ਅਰਦਾਸ’ ਕਰਨਗੇ ਅਤੇ ਕਿਸਾਨ ਭਾਈਚਾਰੇ ਲਈ ਡੱਟਣ ਦਾ ਦ੍ਰਿੜ੍ਹ ਸੰਕਲਪ ਤੇ ਵਚਨਬੱਧਤਾ ਨੂੰ ਦੁਹਰਾਉਣਗੇ ਤੇ ਆਪਣੇ ਆਪ ਨੂੰ ਇਹਨਾਂ ਦੀ ਸੇਵਾ ਲਈ ਸਮਰਪਿਤ ਕਰਨਗੇ। ਉਹ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਲਈ ਵੀ ਅਰਦਾਸ ਕਰਨਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਮੀਰ ਤੇ ਸ਼ਾਨਾਮੱਤੇ ਵਿਰਸੇ ਨੂੰ ਬੁਲੰਦ ਰੱਖਣ ਦਾ ਨਿਮਾਣੇ ਹੋ ਕੇ ਇਕਰਾਰ ਵੀ ਕਰਨਗੇ। ਦੱਸਣਯੋਗ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ, ਜੋਕਿ ਫੂਡ ਪ੍ਰੋਸੈਸਿੰਗ ਮੰਤਰੀ ਸਨ, ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਆਵਾਜ਼ ਬੁਲੰਦ ਕਰਨ ਦੇ ਚੱਲਦਿਆਂ ਕੇਂਦਰ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੂੰ ਇਹ ਕਦਮ ਚੁੱਕਣ ’ਤੇ ਆਪਣੇ ਆਪ ’ਤੇ ਮਾਣ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹੋਏ।