Sukhbir Badal visited Bhai Longowal : ਸੰਗਰੂਰ : ਲੌਂਗੋਵਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਭਾਈ ਲੌਂਗੋਵਾਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਭਾਈ ਲੌਂਗੋਵਾਲ ਨਾਲ ਦੁੱਖ ਵੰਡਾਉਣ ਲਈ ਸੁਖਬੀਰ ਬਾਦਲ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਉਨ੍ਹਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਬੀਬੀ ਅਮਰਪਾਲ ਕੌਰ ਦੇ ਚਲਾਣਾ ਕਰ ਜਾਣ ਨਾਲ ਭਾਈ ਲੌਂਗੋਵਾਲ ਦੇ ਸਮੁੱਚੇ ਪਰਿਵਾਰ ਅਤੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਘੜੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਲਈ ਵੱਡੇ ਸੰਕਟ ਦੀ ਘੜੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਦੁੱਖ ਸਾਂਝਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਤੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ, ਬਾਬਾ ਪ੍ਰਦੀਪ ਸਿੰਘ, ਭਾਈ ਦਿਆਲਾ ਸਕੂਲ ਦੇ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਗੋਪਾਲ ਸਿੰਘ ਦਰਦੀ, ਬਿੰਦਰ ਸਿੰਘ ਠੇਕੇਦਾਰ, ਇੰਦਰ ਮੋਹਨ ਸਿੰਘ ਲਖਮੀਰਵਾਲਾ ਨੇ ਵੀ ਹਾਜ਼ਰੀ ਲਵਾਈ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਈ ਲੌਂਗੋਵਾਲ ਨਾਲ ਉਨ੍ਹਾਂ ਦੀ ਪਤਨੀ ਦੇ ਅਕਾਲ ਚਲਾਣੇ ’ਤੇ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਸੀ। ਦੱਸ ਦੇਈਏ ਬੀਤੀ 2 ਮਈ ਨੂੰ ਭਾਈ ਲੌਂਗੋਵਾਲ ਦੀ ਪਤਨੀ ਦਾ ਅਚਾਨਕ ਦਿਹਾਂਤ ਹੋ ਗਿਆ ਸੀ ਉਹ ਇਕ ਸੇਵਕਾਮੁਕਤ ਸਰਕਾਰੀ ਅਧਿਆਪਕਾ ਸਨ।