ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਬਿਜਲੀ ਸਪਲਾਈ ਦੇ ਪ੍ਰਬੰਧਨ ਦੇ ਚੱਲਦੇ ਮੌਜੂਦਾ ਜਬਰੀ ਤਾਲਾਬੰਦੀ ਨਾਲ ਰਾਜ ਦੇ ਉਦਯੋਗ ਨੂੰ ਹੋਏ ਨੁਕਸਾਨ ਲਈ ਰਾਜ ਸਰਕਾਰ ਨੂੰ ਵਿੱਤੀ ਪੈਕੇਜ ਦੀ ਮੰਗ ਕੀਤੀ। ਉਨ੍ਹਾਂ ਨੇ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ‘ਤੇ ਬਿਜਲੀ ਸਪਲਾਈ ਕਰਨ ਵਾਸਤੇ ਕਿਹਾ।
ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਡੇਢ ਸਾਲਾਂ ਵਿਚ ਕੋਰੋਨਾ ਲਾਕਡਾਊਨ ਕਾਰਨ ਭਾਰੀ ਘਾਟੇ ਝੱਲਣ ਤੋਂ ਬਾਅਦ ਉਦਯੋਗਿਕ ਸੈਕਟਰ ਇਸ ਵੇਲੇ ਸਰਕਾਰ ਵੱਲੋਂ ਇੰਡਸਟਰੀ ਸੈਕਟਰ ਲਈ ਜਬਰੀ ਲਗਾਏ ਤਿੰਨ ਦਿਨ ਦੇ ਪਾਵਰ ਲਾਕਡਾਊਨ, ਵੱਡੀਆਂ ਸਨਅਤਾਂ ਲਈ ਪੰਜ ਦਿਨ ਦੀ ਬੰਦੀ ਤੇ ਇੰਡਸਟਰੀ ਨੂੰ 50 ਫੀਸਦੀ ਦੀ ਦਰ ’ਤੇ ਬਿਜਲੀ ਸਪਲਾਈ ਕਰਨ ਕਾਰਨ ਫਿਰ ਤੋਂ ਮਾਰ ਹੇਠ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਉਦਯੋਗਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ ਕਿਉਂਕਿ ਉਹ ਰੋਜ਼ਾਨਾ ਹੀ ਕਰੋੜਾਂ ਰੁਪਏ ਦਾ ਘਾਟਾ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਕਿਉਂਕਿ ਬਿਜਲੀ ਮਹਿਕਮਾ ਉਨ੍ਹਾਂ ਕੋਲ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਸੈਕਟਰ ਨੂੰ ਢੁਕਵੀਂ ਬਿਜਲੀ ਸਪਲਾਈ ਯਕੀਨੀ ਬਣਾਉਣ ਵਾਸਤੇ ਬਿਜਲੀ ਤੁਰੰਤ ਖਰੀਦੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਇੰਡਸਟਰੀ ਨੂੰ ਪਏ ਘਾਟਿਆਂ ਲਈ ਵੀ ਵਿੱਤੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਤੇ ਮੌਜੂਦਾ ਸਰਕਲ ਦੇ ਦੋ ਮਹੀਨਿਆਂ ਦੇ ਬਿੱਲ ਦੀ ਉਗਰਾਹੀ ਅੱਗੇ ਪਾਉਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਮੁੱਦੇ ’ਤੇ ਚਰਚਾ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਣ ਸੱਦਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਜੋ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ 2015 ਵਿਚ ਸਰਵੋਤਮ ਬਿਜਲੀ ਕੰਪਨੀ ਐਲਾਨੀ ਗਈ ਸੀ, ਨੂੰ ਹੁਣ ਖਪਤਕਾਰਾਂ ਨੁੰ ਲੋੜੀਂਦੀ ਬਿਜਲੀ ਸਪਲਾਈ ਕਰਨ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿਆਪਕ ਭ੍ਰਿਸ਼ਟਾਚਾਰ, ਗਲਤ ਪ੍ਰਬੰਧ ਤੇ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇਕ ਵੀ ਮੈਗਾਵਾਟ ਬਿਜਲੀ ਉਤਪਾਦਨ ਵਧਾਉਣ ਵਿਚ ਫੇਲ੍ਹ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਸਫਲ ਲਈ ਬਿਜਲੀ ਸਪਲਾਈ ਨਹੀਂ ਮਿਲ ਰਹੀ ਜਦਕਿ ਘਰੇਲੂ ਖਪਤਕਾਰਾਂ ਲਈ ਅਣਐਲਾਨੇ ਬਿਜਲੀ ਕੱਟ ਲਗਾਏ ਜਾ ਰਹੇ ਹਨ।
ਕਾਂਗਰਸ ਸਰਕਾਰ ਨੂੰ ਪੰਜਾਬੀਆਂ ਨੂੰ ਕਿਫਾਇਤੀ ਅਤੇ ਭਰੋਸੇਯੋਗ ਬਿਜਲੀ ਮੁਹੱਈਆ ਕਰਾਉਣ ‘ਤੇ ਧਿਆਨ ਕੇਂਦਰਿਤ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਅਜਿਹਾ ਕਰਨ ਦੀ ਬਜਾਏ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖਰੀਦ ਸਮਝੌਤੇ (ਪੀਪੀਏ) ਬਾਰੇ ਗੱਲ ਕਰਕੇ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਉਹ ਸਸਤੀ ਬਿਜਲੀ ਮੁਹੱਈਆ ਕਰਵਾ ਸਕਦੀ ਹੈ ਕਿ ਇਹ ਪ੍ਰਾਈਵੇਟ ਥਰਮਲ ਪਲਾਂਟ ਜੋ ਪੀਐਸਪੀਸੀਐਲ ਨੂੰ 2.89 ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਕਰ ਰਹੇ ਹਨ, ਤਾਂ ਸਰਕਾਰ ਨੂੰ ਤੁਰੰਤ ਪੀਪੀਏ ਸਾਲਾਨਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਕੋਰੋਨਾ ਕੇਸਾਂ ਦੀ ਰਫਤਾਰ ਹੋਈ ਮੱਠੀ, 233 ਨਵੇਂ ਮਾਮਲਿਆਂ ਸਣੇ 5 ਦੀ ਗਈ ਜਾਨ