Support for farmers in the USA : ਖੇਤੀ ਬਿੱਲਾਂ ਦੇ ਵਿਰੋਧ ਵਿੱਚ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਡਟੇ ਕਿਸਾਨਾਂ ਦਾ ਦੇਸ਼ ਦੇ ਨਾਲ ਵਿਦੇਸ਼ ਵਿੱਚ ਵੀ ਸਮਰਥਨ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਤੋਂ ਵੀ ਪੰਜਾਬੀਆਂ ਅਤੇ ਵਿਦੇਸ਼ੀ ਸਿਆਸਤਦਾਨਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਕਰਨ ਸੰਬੰਧੀ ਮੰਗ ਕੀਤੀ ਜਾ ਰਹੀ ਹੈ। ਹੁਣ ਅਮਰੀਕਾ ਦੇ ਓਹੀਓ, ਸਿਨਸਿਨਾਟੀ ਵਿੱਚ ਵਸਦੇ ਪੰਜਾਬੀਆਂ ਦੁਆਰਾ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਇੱਕ ਰੈਲੀ ਕੀਤੀ ਗਈ। ਇਸ ਵਿਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ, ਜਿਹੜੇ ਦੁਪਹਿਰ ਵੇਲੇ ਸਿਨਸਿਨਾਟੀ ਗੁਰੂਦੁਆਰਾ ਵਿਖੇ ਇਕੱਤਰ ਹੋਏ ਸਨ। ਫਿਰ ਉਨ੍ਹਾਂ ਨੇ ਵੈਸਟਚੇਸਟਰ ਦੇ ਯੂਨੀਅਨ ਸੈਂਟਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਤੋਂ ਚੌਕ ਤੱਕ ਇਕ ਜਲੂਸ ਕੱਢਿਆ। ਇਸ ਵਿੱਚ ਕਈ ਗੈਰ-ਭਾਰਤੀ ਅਮਰੀਕੀ ਨੌਜਵਾਨ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ।
ਮਾਰਚ ਦੀ ਅਗਵਾਈ ਫੋਰਡ ਟਰੈਕਟਰ ‘ਤੇ ਕਿਸਾਨਾਂ ਨੇ ਕੀਤੀ। ਸੜਕ ’ਤੇ ਬੈਠੇ ਲੋਕਾਂ ਨੇ ਹਾਰਨ ਵਜਾ ਕੇ ਆਪਣਾ ਸਮਰਥਨ ਜ਼ਾਹਰ ਕਰ ਰਹੇ ਸਨ। ਕਈ ਬੁਲਾਰਿਆਂ ਨੇ ਹਾਜ਼ਰੀਨ ਨੂੰ ਸੰਬੋਧਿਤ ਕੀਤਾ ਅਤੇ ਮੁੱਦਿਆਂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੀ ਕੋਸ਼ਿਸ਼ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਸਾਹਮਣੇ ਲਿਆਂਦਾ, ਜਿਨ੍ਹਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਅੰਦੋਲਨ ਦੇ ਸ਼ਾਂਤਮਈ ਅਤੇ ਸੰਗਠਿਤ ਸੁਭਾਅ ਬਾਰੇ ਜਾਗਰੂਕ ਕੀਤਾ ਗਿਆ, ਹਾਲਾਂਕਿ ਇਹ ਵਿਸ਼ਵ ਵਿੱਚ ਸਭ ਤੋਂ ਵੱਡਾ ਵਿਰੋਧ ਹੈ। ਇੱਕ ਅਮਰੀਕੀ ਨੌਜਵਾਨ ਜੋਅ ਨੇ ਕਿਹਾ ਕਿ “ਅਸੀਂ ਇਥੇ ਭਾਈਚਾਰੇ ਦਾ ਸਮਰਥਨ ਕਰਨ ਲਈ ਆਏ ਹਾਂ। ਤਿੰਨ ਕਾਨੂੰਨਾਂ ਨੂੰ ਜਾਣਦਾ ਹਾਂ ਜੋ ਕਿ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਹਨ, ਇਹ ਬਹੁਤ ਦੁੱਖਦਾਈ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ।” ਇੱਕ ਅਮਰੀਕੀ ਲੜਕੀ ਪੇਟਨ ਨੇ ਵੀ ਅਜਿਹੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਸਨੇ ਮੁੱਦਿਆਂ ਨੂੰ ਸਮਝਿਆ ਅਤੇ ਭਾਈਚੇਰ ਨਾਲ ਏਕਤਾ ਦਰਸਾਉਣ ਲਈ ਰੈਲੀ ਵਿੱਚ ਸ਼ਾਮਲ ਹੋਈ।
ਜਗਪਾਲ ਸਿੰਘ ਗਰੇਵਾਲ ਨੇ ਟਿੱਪਣੀ ਕੀਤੀ, “ਸਾਡੇ ਤੋਂ ਬਾਹਰਲੇ ਭਾਈਚਾਰਿਆਂ ਨੂੰ ਮਿਲ ਰਹੀ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਕਿਸਾਨੀ ਸੰਘਰਸ਼ ਵਿਸ਼ਵ ਪੱਧਰੀ ਹੋ ਰਿਹਾ ਹੈ। ਮਨਮੋਹਨ ਸਿੰਘ, ਜਿਨ੍ਹਾਂ ਨੇ ਆਪਣੇ ਸਾਰੇ ਪਰਿਵਾਰ ਨਾਲ ਰੈਲੀ ਵਿਚ ਸ਼ਮੂਲੀਅਤ ਕੀਤੀ, ਨੇ ਇਕਜੁੱਟ ਹੋ ਕੇ ਕਿਹਾ, “ਇਹ ਵਿਸ਼ਵ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਮਨੁੱਖੀ ਅੰਦੋਲਨ ਹੈ,” ਉਸਨੇ ਅੱਗੇ ਕਿਹਾ, “ਇਸ ਨੂੰ ਵਿਸ਼ਵਵਿਆਪੀ ਬਣਾਇਆ ਜਾਣਾ ਹੈ।”