Supreme Court sets up task : ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਭਰ ਵਿਚ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਟਾਸਕ ਫੋਰਸ ਵਿੱਚ 12 ਮੈਂਬਰ ਹੋਣਗੇ। ਇਹ ਟਾਸਕ ਫੋਰਸ ਦੇਸ਼ ਵਿੱਚ ਆਕਸੀਜਨ ਦੀ ਜ਼ਰੂਰਤ ਦੀ ਨਿਗਰਾਨੀ ਕਰੇਗੀ ਅਤੇ ਵੰਡ ਬਾਰੇ ਸਿਫਾਰਸ਼ ਕਰੇਗੀ। ਇਹ ਫੈਸਲਾ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਸ਼ਨੀਵਾਰ ਨੂੰ ਕੇਸ ਦੀ ਸੁਣਵਾਈ ਕਰਦਿਆਂ ਲਿਆ।
ਇਸ ਟਾਸਕ ਫੋਰਸ ਵਿੱਚ ਕੇਂਦਰ ਸਰਕਾਰ ਦੇ ਕੈਬਨਿਟ ਸਕੱਤਰ ਕਨਵੀਨਰ ਦੀ ਭੂਮਿਕਾ ਨਿਭਾਏਗਾ। ਸੁਪਰੀਮ ਕੋਰਟ ਦੁਆਰਾ ਗਠਿਤ ਕੀਤੀ ਗਈ ਟਾਸਕ ਫੋਰਸ ਵਿੱਚ ਪੱਛਮੀ ਬੰਗਾਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਕੋਲਕਾਤਾ ਦੇ ਸਾਬਕਾ ਵੀਸੀ ਡਾ. ਭਬਤੋਸ਼ ਬਿਸ਼ਵਾਸ, ਸਰ ਗੰਗਾਰਾਮ ਹਸਪਤਾਲ ਦਿੱਲੀ ਦੇ ਚੇਅਰਮੈਨ ਡਾ. ਦੇਵੇਂਦਰ ਸਿੰਘ ਰਾਣਾ, ਨਾਰਾਇਣ ਹੈਲਥ ਕੇਅਰ ਬੇਂਗਲੁਰੂ ਦੇ ਚੇਅਰਪਰਸਨ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਦੇਵੀ ਪ੍ਰਸਾਦ ਸ਼ੈੱਟੀ, ਕ੍ਰਿਸ਼ਚੀਅਨ ਮੈਡੀਕਲ ਕਾਲਜ ਵੇਲੌਰ ਦੇ ਪ੍ਰੋਫੈਸਰ ਡਾ. ਗਗਨਦੀਪ ਕਾਂਗ, ਤਾਮਿਲਨਾਡੂ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ. ਜੇਵੀ ਪੀਟਰ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਮੇਦਾਂਤਾ ਹਸਪਤਾਲ ਦੇ ਚੇਅਰਪਰਸਨ ਅਤੇ ਐੱਮਡੀ, ਡਾ. ਨਰੇਸ਼ ਤ੍ਰੇਹਨ, ਫੋਰਟਿਸ ਹਸਪਤਾਲ ਦੇ ਕ੍ਰਿਟੀਕਲ ਕੇਅਰ ਮੈਡੀਸਨ ਦੇ ਡਾਇਰੈਕਟਰ ਡਾ. ਰਾਹੁਲ ਪੰਡਿਤ, ਸਰ ਗੰਗਾਰਾਮ ਹਸਪਤਾਲ ਦੀ ਡਿਪਾਰਟਮੈਂਟ ਆਫ ਸਰਜੀਕਲ ਗੈਸਟ੍ਰੋਐਂਟਰੋਲਾਜੀ ਅਤੇ ਲਿਵਰ ਟਰਾਂਸਪਲਾਂਟ ਦੀ ਡਾਇਰੈਕਟਰ ਡਾ. ਸੌਮਿਤਰ ਰਾਵਤ, ਆਈਐਲਬੀਐਸ ਦੇ ਸੀਨੀਅਰ ਪ੍ਰੋਫੈਸਰ ਡਾ. ਸ਼ਿਵ ਕੁਮਾਰ ਸਰੀਨ ਅਤੇ ਹਿੰਦੂਜਾ ਹਸਪਤਾਲ ਦੇ ਡਾ. ਜ਼ਰੀਰ ਐਫ ਉਡਵਾਡੀਆ ਸ਼ਾਮਲ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਭਾਰਤ ਇੱਕ ਆਕਸੀਜਨ ਸਰਪਲੱਸ ਦੇਸ਼ ਹੈ। ਭਾਰਤ ਦੀ ਸਮਰੱਥਾ 7 ਹਜ਼ਾਰ ਮੀਟ੍ਰਿਕ ਟਨ ਹੈ, ਪਰ ਇਸ ਵੇਲੇ ਭਾਰਤ ਵਿੱਚ 10 ਹਜ਼ਾਰ ਮੀਟ੍ਰਿਕ ਟਨ ਆਕਸੀਜਨ ਪੈਦਾ ਕੀਤੀ ਜਾ ਰਹੀ ਹੈ।