Sweet shops may open : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖੜੀ ਦੇ 3 ਅਗਸਤ ਸੋਮਵਾਰ ਨੂੰ ਆ ਰਹੇ ਤਿਉਹਾਰ ਦੇ ਮੱਦੇਨਜ਼ਰ ਇਕ ਦਿਨ ਪਹਿਲਾਂ ਐਤਵਾਰ ਨੂੰ ਸੂਬੇ ਵਿਚ ਮਠਿਆਈਆਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਇਸ ਦਾ ਐਲਾਨ ਬੀਤੇ ਦਿਨ ਮੁੱਖ ਮੰਤਰੀ ਨੇ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਦੇ ਸੰਕਟ ਕਾਰਨ ਐਤਵਾਰ ਦੇ ਲੌਕਡਾਊਨ ਕਰਕੇ ਸੂਬੇ ਵਿੱਚ ਦੁਕਾਨਾਂ ਖੋਲਣ ਦੀ ਇਜਾਜ਼ਤ ਨਹੀਂ ਹੈ ਪਰ ਸੂਬਾ ਸਰਕਾਰ ਨੂੰ ਰੱਖੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਹਲਵਾਈ ਦੀਆਂ ਦੁਕਾਨਾਂ ਖੋਲਣ ਸਬੰਧੀ ਕਈ ਅਪੀਲਾਂ ਮਿਲੀਆਂ ਹਨ।
ਇਸੇ ਦੇ ਮੱਦੇਨਜ਼ਰ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਇਸ ਅਪੀਲ ਨੂੰ ਮਨਜ਼ੂਰ ਕਰਦਿਆਂ ਲੋਕਾਂ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਬਾਕੀ ਦਿਨਾਂ ਵਾਂਗ 2 ਤੇ 3 ਅਗਸਤ ਨੂੰ ਸਮਾਜਿਕ ਦੂਰੀ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ ਹੈ। ਇਸ ਤੋਂ ਇਲਾਵਾ ਰੱਖੜੀ ਦੇ ਵਾਲੇ ਦਿਨ ਅੰਤਰ-ਰਾਜੀ ਬੱਸਾਂ ਚਲਾਉਣ ’ਤੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਬੱਸਾਂ ਚਲਾਉਣ ’ਤੇ ਕੋਈ ਬੰਦਿਸ਼ ਨਹੀਂ ਹੈ।
ਬੱਸਾਂ ਵਿਚ ਪੂਰੀਆਂ ਸਵਾਰੀਆਂ ਬਿਠਾਉਣ ਜਦਕਿ ਨਿੱਜੀ ਵਾਹਨਾਂ ਵਿਚ ਘੱਟ ਲੋਕ ਬਿਠਾਉਣ ਸਬੰਧੀ ਸਬੰਧੀ ਕੈਪਟਨ ਨੇ ਕਿਹਾ ਕਿ ਆਰਥਿਕ ਕਾਰਨਾਂ ਨੇ ਉਨਾਂ ਦੀ ਸਰਕਾਰ ਨੂੰ ਪੂਰੀ ਸਮਰੱਥਾ ਨਾਲ ਬੱਸਾਂ ਚਲਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਕਰਨ ਲਈ ਮਜੂਬਰ ਕੀਤਾ। ਉਨਾਂ ਕਿਹਾ ਕਿ ਅਜੇ ਵੀ ਬੱਸਾਂ ਵਿੱਚ ਆਮ ਨਾਲੋਂ 25-30 ਫੀਸਦੀ ਤੱਕ ਘੱਟ ਮੁਸਾਫਰ ਸਵਾਲ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਟਰਾਂਸਪੋਰਟ ਵਿਭਾਗ ਨੂੰ ਨਿੱਜੀ ਵਾਹਨਾਂ ’ਤੇ ਪਾਬੰਦੀਆਂ ’ਤੇ ਵਿਚਾਰ ਕਰਨ ਲਈ ਕਿਹਾ ਜਾਵੇਗਾ।