ਭਾਰਤ ਨੂੰ ਅਮਰੀਕਾ ਵਿਚ ਵੱਡੀ ਸਫਲਤਾ ਮਿਲੀ ਹੈ। 26/11 ਮੁੰਬਈ ਹਮਲੇ ਵਿਚ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਆਈ ਕਾਰੋਬਾਰੀ ਤਹੱਵੁਰ ਰਾਣਾ ਨੂੰ ਜਲਦ ਹੀ ਭਾਰਤ ਲਿਆਏ ਜਾਣ ਦੀ ਸੰਭਾਵਨਾ ਹੈ। ਰਾਣਾ ਦੀ ਵਾਪਸੀ ਲਈ ਅਮਰੀਕਾ ਨੇ ਹਰੀ ਝੰਡੀ ਦੇ ਦਿੱਤੀ ਹੈ। ਅਮਰੀਕੀ ਕੋਰਟ ਨੇ ਅਗਸਤ 2024 ਵਿਚ ਫੈਸਲਾ ਸੁਣਾਉਂਦੇ ਹੋਏ ਭਾਰਤ-ਅਮਰੀਕਾ ਹਵਾਲਗੀ ਸੰਧੀ ਤਹਿਤ ਰਾਣਾ ਨੂੰ ਭਾਰਤ ਭੇਜਣ ਦੀ ਮਨਜ਼ੂਰੀ ਦਿੱਤੀ ਸੀ।
ਰਾਣਾ ‘ਤੇ ਦੋਸ਼ ਹੈ ਕਿ ਉਸ ਨੇ 26/11 ਦੇ ਮਾਸਟਰਮਾਈਂਡ ਡੇਵਿਡ ਕੋਲਮੈਨ ਹੇਡਲੀ ਦੀ ਮਦਦ ਕੀਤੀ ਸੀ। ਹੇਡਲੀ ਨੇ ਮੁੰਬਈ ਵਿਚ ਟਿਕਾਣਿਆਂ ਦੀ ਰੇਕੀ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਨੇ ਅਮਰੀਕੀ ਕੋਰਟ ਦੇ ਸਾਹਮਣੇ ਮਜ਼ਬੂਤ ਸਬੂਤ ਪੇਸ਼ ਕੀਤੇ ਸਨ ਜਿਨ੍ਹਾਂ ਵਿਚ ਰਾਣਾ ਦੀ ਸ਼ਮੂਲੀਅਤ ਸਾਫ ਦੇਖੀ ਗਈ ਸੀ। ਕੋਰਟ ਨੇ ਸਾਫ ਕੀਤਾ ਕਿ ਰਾਣਾ ਖਿਲਾਫ ਭਾਰਤ ਵਿਚ ਲੱਗੇ ਦੋਸ਼ ਅਮਰੀਕੀ ਅਦਾਲਤਾਂ ਦੇ ਮਾਮਲਿਆਂ ਤੋਂ ਵੱਖ ਹਨ। ਦੋਵੇਂ ਦੇਸ਼ਾਂ ਵਿਚ ਜੋ ਸਮਝੌਤਾ ਹੈ, ਉਸ ਤਹਿਤ ਰਾਣਾ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ।
FBI ਨੇ ਰਾਣਾ ਨੂੰ 2009 ਵਿਚ ਸ਼ਿਕਾਗੋ ਤੋਂ ਗ੍ਰਿਫਤਾਰ ਕੀਤਾ ਸੀ। ਹੁਣ ਉਸ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਕੋਰਟ ਨੇ ਰਾਣਾ ਨੂੰ ਅੱਤਵਾਦੀ ਸੰਗਠਨ ਨੂੰ ਮਦਦ ਕਰਨ ਤੇ ਡੈਨਮਾਰਕ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਨਾਕਾਮ ਸਾਜਿਸ਼ ਰਚਣ ਲਈ ਦੋਸ਼ੀ ਕਰਾਰ ਦਿੱਤਾ ਸੀ। ਹਾਲਾਂਕਿ ਕੋਰਟ ਨੇ ਭਾਰਤ ਵਿਚ ਕੀਤੇ ਹਮਲਿਆਂ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਪਰ ਮੰਨਿਆ ਕਿ ਉਹ ਮੁੰਬਈ ਅੱਤਵਾਦੀ ਹਮਲੇ ਦੀ ਸਾਜਿਸ਼ ਵਿਚ ਸ਼ਾਮਲ ਰਿਹਾ ਸੀ।
ਇਹ ਵੀ ਪੜ੍ਹੋ : PSEB ਨੇ ਜਾਰੀ ਕੀਤੀ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ, ਇਸ ਦਿਨ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੀਖਿਆ
ਦੱਸ ਦੇਈਏ ਕਿ ਤਹੱਵੁਰ ਰਾਣਾ ਦਾ ਪਾਕਿਸਤਾਨ ਵਿਚ ਹੋਇਆ ਸੀ। ਉਸ ਨੇ ਆਰਮੀ ਮੈਡੀਕਲ ਕਾਲਜ ਵਿਚ ਪੜ੍ਹਾਈ ਕੀਤੀ ਤੇ ਪਾਕਿਸਤਾਨ ਆਰਮੀ ਵਿਚ 10 ਸਾਲ ਤਕ ਬਤੌਰ ਡਾਕਟਰ ਕੰਮ ਕੀਤਾ। ਬਾਅਦ ਵਿਚ ਉਸ ਨੇ ਨੌਕਰੀ ਛੱਡ ਦਿੱਤੀ। ਤਹੱਵੁਰ ਰਾਣਾ ਹੁਣ ਕੈਨੇਡਾ ਦੇ ਨਾਗਰਿਕ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਸ ਨੇ ਕੈਨੇਡਾ, ਪਾਕਿਸਤਾਨ, ਜਰਮਨੀ ਤੇ ਇੰਗਲੈਂਡ ਦੀਆਂ ਯਾਤਰਾਵਾਂ ਕੀਤੀਆਂ ਹਨ ਤੇ ਉਥੇ ਰਿਹਾ ਹੈ। ਦਸਤਾਵੇਜ਼ ਮੁਤਾਬਕ 2006 ਤੋਂ ਲੈ ਕੇ ਨਵੰਬਰ 2008 ਤੱਕ ਤਹੱਵੁਰ ਰਾਣਾ ਨੇ ਪਾਕਿਸਤਾਨ ਵਿਚ ਡੇਵਿਡ ਹੇਡਲੀ ਤੇ ਦੂਜੇ ਲੋਕਾਂ ਨਾਲ ਮਿਲ ਕੇ ਸਾਜਿਸ਼ ਰਚੀ। ਅੱਤਵਾਦੀ ਹੇਡਲੀ ਇਸ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: